14.9 C
Jalandhar
Monday, March 4, 2024
spot_img

ਮਹਿਲਾਵਾਂ ਦਾ ਰੁਜ਼ਗਾਰ ਤੇ ਮਜ਼ਦੂਰੀ ਪੱਧਰ ਬੇਹੱਦ ਖਰਾਬ

ਹਾਲ ਹੀ ਵਿੱਚ ਜਾਰੀ ਸਾਲਾਨਾ ਮਿਆਦੀ ਕਿਰਤ ਸ਼ਕਤੀ ਸਰਵੇਖਣ (ਪੀਰੀਓਡਿਕ ਲੇਬਰ ਫੋਰਸ ਸਰਵੇ—ਪੀ ਐੱਸ ਐੱਫ ਐੱਸ) 2021-22 ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ‘ਚ ਰੁਜ਼ਗਾਰ ਰਾਹੀਂ ਕਮਾਈ ਕਰਨ ਵਾਲੀਆਂ ਮਹਿਲਾਵਾਂ ਦੀ ਹਿੱਸੇਦਾਰੀ ਹੈਰਾਨਕੁੰਨ ਰੂਪ ‘ਚ ਘੱਟ ਬਣੀ ਹੋਈ ਹੈ | ਪੇਂਡੂ ਇਲਾਕਿਆਂ ‘ਚ ਲਗਭਗ 57 ਫੀਸਦੀ ਮਰਦਾਂ ਨੂੰ ਕੰਮ ਮਿਲਿਆ ਸੀ, ਜਦਕਿ ਮਹਿਲਾਵਾਂ ਦਾ ਫੀਸਦੀ ਸਿਰਫ 27 ਸੀ | ਸ਼ਹਿਰਾਂ ‘ਚ ਇਹ ਫਰਕ ਤਾਂ ਹੋਰ ਵੀ ਵੱਧ ਸੀ | ਸ਼ਹਿਰਾਂ ‘ਚ ਕੰਮ ਕਰਨ ਦੇ ਯੋਗ ਮਰਦਾਂ ਵਿੱਚੋਂ 58 ਫੀਸਦੀ ਤੇ ਮਹਿਲਾਵਾਂ ਵਿੱਚੋਂ ਸਿਰਫ 19 ਫੀਸਦੀ ਨੂੰ ਰੁਜ਼ਗਾਰ ਮਿਲਿਆ ਸੀ | ਪਿਛਲੇ ਤਿੰਨ ਦਹਾਕਿਆਂ ‘ਚ ਮਹਿਲਾਵਾਂ ਦੀ ਕਿਰਤ ਸ਼ਕਤੀ ਵਿੱਚ ਹਿੱਸੇਦਾਰੀ ‘ਚ ਵਿਆਪਕ ਗਿਰਾਵਟ ਦੇਖੀ ਗਈ ਹੈ | ਆਮ ਤੌਰ ‘ਤੇ ਬੇਰੁਜ਼ਗਾਰੀ ਤੇ ਨੌਕਰੀਆਂ ਦੇ ਮੌਕਿਆਂ ਵਿੱਚ ਮਾਮੂਲੀ ਵਾਧੇ ਦੇ ਸੰਦਰਭ ‘ਚ ਦੇਖਿਆ ਜਾਏ ਤਾਂ ਇਹ ਦਰਸਾਉਂਦਾ ਹੈ ਕਿ ਰੁਜ਼ਗਾਰ ਵਾਧੇ ਵਿੱਚ ਪੱਕਾ ਅੜਿੱਕਾ ਹੈ, ਜਿਸ ਨੂੰ ਸਰਕਾਰਾਂ ਤੇ ਉਨ੍ਹਾਂ ਦੀਆਂ ਆਰਥਕ ਨੀਤੀਆਂ ਦੂਰ ਕਰਨ ‘ਚ ਨਾਕਾਮ ਰਹੀਆਂ ਹਨ | ਸਿਆਸੀ ਤੌਰ ‘ਤੇ ਵੋਟਰਾਂ ਵਜੋਂ ਮਹਿਲਾਵਾਂ ‘ਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਪਰ ਮਹਿਲਾਵਾਂ ਦੇ ਸਭ ਤੋਂ ਪ੍ਰਮੱੁਖ ਮੁੱਦੇ (ਨੌਕਰੀ ਦੇ ਮੌਕਿਆਂ ‘ਚ ਭਾਰੀ ਕਮੀ) ਨੂੰ ਨਜ਼ਰਅੰਦਾਜ਼ ਹੀ ਕੀਤਾ ਜਾ ਰਿਹਾ ਹੈ | ਵਰਤਮਾਨ ਸਰਕਾਰ ਅਧੀਨ ਤਾਂ ਰੁਜ਼ਗਾਰ ਦਾ ਖੇਤਰ ਅਣਗੌਲਿਆ ਪਿਆ ਹੈ | ਪੀ ਐੱਲ ਐੱਫ ਐੱਸ ਰਿਪੋਰਟ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਪਿੰਡਾਂ ਵਿੱਚ 51 ਫੀਸਦੀ ਮਰਦਾਂ ਤੇ 76 ਫੀਸਦੀ ਮਹਿਲਾਵਾਂ ਦੀ ਭਾਈਵਾਲੀ ਨਾਲ ਖੇਤੀ ਖੇਤਰ ਮੁੱਖ ਜ਼ਰੀਆ ਹੈ | ਮਹਿਲਾਵਾਂ ਲਈ ਇਹ ਸਭ ਤੋਂ ਵੱਡਾ ਜ਼ਰੀਆ ਹੈ, ਪਰ ਕਿਸੇ ਹੋਰ ਕੰਮ ਦੀ ਤੁਲਨਾ ਵਿੱਚ ਇਹ ਖੇਤਰ ਘੱਟ ਮਹੱਤਵ ਵਾਲਾ ਹੈ | ਮਰਦਾਂ ਲਈ ਪਿੰਡਾਂ ਵਿਚ ਉਸਾਰੀ ਖੇਤਰ (17 ਫੀਸਦੀ), ਵਪਾਰ ਤੇ ਹੋਟਲ (11 ਫੀਸਦੀ) ਆਦਿ ਹੋਰ ਵੀ ਖੇਤਰ ਹਨ, ਜਿੱਥੇ ਉਹ ਕੰਮ ਕਰ ਸਕਦੇ ਹਨ, ਪਰ ਮਹਿਲਾਵਾਂ ਲਈ ਖੇਤੀ ਦੇ ਇਲਾਵਾ ਉਸਾਰੀ (6 ਫੀਸਦੀ) ਤੋਂ ਇਲਾਵਾ ਕੰਮ ਲਈ ਜ਼ਿਆਦਾ ਮੌਕੇ ਨਹੀਂ ਹਨ | ਸ਼ਹਿਰਾਂ ‘ਚ ਖੇਤੀ ਅਹਿਮ ਨਹੀਂ ਹੈ, ਇਸ ਕਰਕੇ ਮਹਿਲਾਵਾਂ ਦਾ ਰੁਜ਼ਗਾਰ ਸ਼ਹਿਰਾਂ ਵਿੱਚ ਤੇਜ਼ੀ ਨਾਲ ਡਿਗ ਰਿਹਾ ਹੈ | ਜਿਨ੍ਹਾਂ ਨੂੰ ਕੰਮ ਮਿਲਦਾ ਹੈ, ਉਨ੍ਹਾਂ ਵਿੱਚੋਂ 41 ਫੀਸਦੀ ਨਿੱਜੀ ਸੇਵਾਵਾਂ, ਪ੍ਰਸ਼ਾਸਨ, ਸਿੱਖਿਆ, ਸਿਹਤ ਦੇਖਭਾਲ ਆਦਿ ‘ਚ ਕੰਮ ਕਰਦੀਆਂ ਹਨ | ਇਹ ਮਹਿਲਾਵਾਂ ਟੀਚਰ, ਸਿਹਤਕਰਮੀ, ਘਰੇਲੂ ਨੌਕਰ ਆਦਿ ਦਾ ਕੰਮ ਕਰ ਰਹੀਆਂ ਹਨ | ਟੈਕਸਟਾਈਲ ਖੇਤਰ ਸ਼ਹਿਰਾਂ ‘ਚ ਲਗਭਗ 24 ਫੀਸਦੀ ਮਹਿਲਾਵਾਂ ਨੂੰ ਕੰਮ ਦਿੰਦਾ ਹੈ | ਹੋਟਲ ਤੇ ਰੈਸਟੋਰੈਂਟਾਂ ਵਿੱਚ ਲਗਭਗ 15 ਫੀਸਦੀ ਤੇ ਉਸਾਰੀ ਖੇਤਰ ‘ਚ ਲਗਭਗ 5 ਫੀਸਦੀ ਮਹਿਲਾਵਾਂ ਕੰਮ ਕਰਦੀਆਂ ਹਨ | ਪਿੰਡ ਹੋਣ ਜਾਂ ਸ਼ਹਿਰ ਮਹਿਲਾਵਾਂ ਘੱਟ ਉਜਰਤ ਵਾਲੇ ਕੰਮ ਹੀ ਕਰਦੀਆਂ ਹਨ | ਇਹ ਕੰਮ ਗੈਰ-ਜਥੇਬੰਦ ਖੇਤਰ ‘ਚ ਆਉਂਦੇ ਹਨ, ਜਿੱਥੇ ਉਨ੍ਹਾਂ ਨੂੰ ਈ ਐੱਸ ਆਈ ਤੇ ਪ੍ਰੋਵੀਡੈਂਟ ਫੰਡ ਵਰਗੇ ਲਾਭ ਨਹੀਂ ਮਿਲਦੇ | ਪੀ ਐੱਲ ਐੱਫ ਐੱਸ ਰਿਪੋਰਟ ਦਰਸਾਉਂਦੀ ਹੈ ਕਿ ਇੰਡਸਟਰੀ ਇਕ-ਚੌਥਾਈ ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਨਹੀਂ ਦੇ ਪਾ ਰਹੀ, ਚਾਹੇ ਮਰਦ ਹੋਣ ਜਾਂ ਮਹਿਲਾਵਾਂ | ਇਹ ਅਰਥ ਵਿਵਸਥਾ ਵਿੱਚ ਜਥੇਬੰਦ ਸਨਅਤੀ ਖੇਤਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ | ਦੂਜੇ ਪਾਸੇ ਪਿੰਡਾਂ ਵਿੱਚ ਖੇਤੀ ਅਜੇ ਵੀ ਅੱਧੇ ਤੋਂ ਵੱਧ ਮਰਦਾਂ ਤੇ ਤਿੰਨ-ਚੌਥਾਈ ਮਹਿਲਾਵਾਂ ਨੂੰ ਰੁਜ਼ਗਾਰ ਦਿੰਦੀ ਹੈ | ਇਹ ਵੀ ਦੇਖਣ ‘ਚ ਆਇਆ ਹੈ ਕਿ ਮਹਿਲਾਵਾਂ ਪੜ੍ਹ-ਲਿਖ ਵੀ ਗਈਆਂ ਹਨ, ਪਰ ਇੱਕੋ ਜਿਹੇ ਕੰਮ ਲਈ ਉਨ੍ਹਾਂ ਨੂੰ ਉਜਰਤ ਮਰਦਾਂ ਦੇ ਮੁਕਾਬਲੇ ਘੱਟ ਮਿਲਦੀ ਹੈ | ਪਿੰਡਾਂ ਵਿੱਚ ਇਹ ਫਰਕ ਲਗਭਗ 35 ਫੀਸਦੀ ਤੇ ਸ਼ਹਿਰਾਂ ‘ਚ 21 ਫੀਸਦੀ ਹੈ |

Related Articles

LEAVE A REPLY

Please enter your comment!
Please enter your name here

Latest Articles