ਉਲੰਪਿਕ ਮੌਕੇ ਫਰਾਂਸ ਦਾ ਰੇਲਵੇ ਸਿਸਟਮ ਸਾਬੋਤਾਜ

0
137

ਪੈਰਿਸ : ਉਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਸਿਸਟਮ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲਾਵਰਾਂ ਨੇ ਡਰਾਈਵਰਾਂ ਨੂੰ ਸੂਚਨਾ ਦੇਣ ਵਾਲੀਆਂ ਫਾਈਬਰ ਆਪਟਿਕ ਕੇਬਲਾਂ ਨੂੰ ਅੱਗ ਲਾ ਦਿੱਤੀ। ਇਨ੍ਹਾਂ ਨੂੰ ਠੀਕ ਕਰਨ ਲਈ ਸੈਂਕੜੇ ਵਰਕਰਾਂ ਦੀ ਲੋੜ ਪੈਣੀ ਹੈ, ਕਿਉਕਿ ਇਹ ਕੰਮ ਹੱਥੀਂ ਹੋਣਾ ਹੈ। ਹਮਲੇ ਕਾਰਨ ਪੈਰਿਸ ਨੂੰ ਆਉਣ-ਜਾਣ ਵਾਲੀਆਂ ਗੱਡੀਆਂ ਡੇਢ ਤੋਂ ਦੋ ਘੰਟੇ ਲੇਟ ਚੱਲੀਆਂ। ਪੈਰਿਸ ਤੇ ਲੰਡਨ ਵਿਚਾਲੇ ਚੱਲਣ ਵਾਲੀਆਂ ਗੱਡੀਆਂ ਰੱਦ ਕਰਨੀਆਂ ਪਈਆਂ। ਰੇਲਵੇ ਵਰਕਰਾਂ ਨੇ ਰੂਟੀਨ ਮੇਂਟੀਨੈਂਸ ਦੌਰਾਨ ਲਾਈਨਾਂ ਲਾਗੇ ਸ਼ੱਕੀ ਵਿਅਕਤੀ ਦੇਖੇ। ਲਲਕਾਰਨ ’ਤੇ ਉਹ ਭੱਜ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਰੇਲ ਪਟੜੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਟੜੀਆਂ ’ਤੇ ਅਗਜ਼ਨੀ ਕੀਤੀ ਗਈ ਹੈ। ਇਨ੍ਹਾਂ ਘਟਨਾਵਾਂ ਕਾਰਨ ਰੇਲਵੇ ਲਾਈਨਾਂ ਦੀ ਮੁਰੰਮਤ ਦੇ ਕੰਮ ’ਚ ਇੱਕ ਹਫਤਾ ਲੱਗ ਸਕਦਾ ਹੈ। ਪੈਰਿਸ ਤੋਂ ਫਰਾਂਸ ਦੇ ਪੱਛਮ, ਉੱਤਰ ਤੇ ਪੂਰਬ ਵੱਲ ਦੀਆਂ ਰੇਲ ਲਾਈਨਾਂ ਪ੍ਰਭਾਵਤ ਹੋਈਆਂ ਹਨ। ਰੇਲਵੇ ਕੰਪਨੀ ਐੱਸ ਐੱਨ ਸੀ ਐੱਫ ਦੇ ਮੁੱਖ ਕਾਰਜਕਾਰੀ ਜੀਨ-ਪੀਅਰੇ ਫੇਰਾਂਡੋ ਨੇ ਕਿਹਾ ਕਿ ਇਸ ਘਟਨਾ ਨੇ ਫਰਾਂਸ ’ਚ 8 ਲੱਖ ਯਾਤਰੀਆਂ ਨੂੰ ਪ੍ਰਭਾਵਤ ਕੀਤਾ। ਯਾਤਰੀ ਵੱਖ-ਵੱਖ ਸਟੇਸ਼ਨਾਂ ’ਤੇ ਫਸੇ ਹੋਏ ਹਨ। ਹਾਲਾਂਕਿ, ਫੌਰੀ ਤੌਰ ’ਤੇ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਇਹ ਘਟਨਾਵਾਂ ਉਲੰਪਿਕ ਖੇਡਾਂ ਨਾਲ ਜੁੜੀਆਂ ਹੋਈਆਂ ਸਨ।
ਪੈਰਿਸ ਉਲੰਪਿਕ ਦੇ ਉਦਘਾਟਨੀ ਸਮਾਰੋਹ ਨੂੰ ਲਗਭਗ 6 ਲੱਖ ਦਰਸ਼ਕਾਂ ਦੇ ਦੇਖਣ ਦੀ ਉਮੀਦ ਹੈ। ਉਦਘਾਟਨੀ ਸਮਾਰੋਹ ਲਈ 2,22,000 ਮੁਫਤ ਟਿਕਟਾਂ ਰੱਖੀਆਂ ਗਈਆਂ ਹਨ, ਜਦੋਂ ਕਿ 1,04,000 ਅਦਾਇਗੀ ਟਿਕਟਾਂ ਰੱਖੀਆਂ ਗਈਆਂ ਹਨ।
ਲੰਡਨ ਤੋਂ ਪੈਰਿਸ ਜਾਣ ਵਾਲੀ ਹਾਈ-ਸਪੀਡ ਰੇਲ ਪਟੜੀ ਨੂੰ ਪੁੱਟਣ ਕਾਰਨ ਇਸ ਬਹੁਤ ਹੀ ਰੁਝੇਵਿਆਂ ਭਰੇ ਰੂਟ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਟਰਾਂਸਪੋਰਟ ਮੰਤਰੀ ਪੈਟਰਿਸ ਵੇਰਗਰੀਟ ਅਨੁਸਾਰ ਅਜਿਹੀਆਂ ਘਟਨਾਵਾਂ ਕਾਰਨ ਪੈਰਿਸ ਨੂੰ ਬਾਕੀ ਫਰਾਂਸ ਅਤੇ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਕਈ ਹਾਈ-ਸਪੀਡ ਟਰੇਨਾਂ ਪ੍ਰਭਾਵਤ ਹੋਈਆਂ ਹਨ। ਫਰਾਂਸ ਵਿਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਰੋਸ ਜਤਾਇਆ ਤੇ ਅੱਗਾਂ ਲਾਈਆਂ। ਸਰਕਾਰੀ ਅਧਿਕਾਰੀਆਂ ਨੇ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਦੇ ਉਲੰਪਿਕ ਨਾਲ ਸਿੱਧੇ ਸੰਬੰਧ ਦੇ ਕੋਈ ਤੁਰੰਤ ਸੰਕੇਤ ਨਹੀਂ ਮਿਲੇ ਹਨ। ਲੰਡਨ ਦੇ ਸੇਂਟ ਪੈਨਕ੍ਰਾਸ ਸਟੇਸ਼ਨ ’ਤੇ ਵੱਡੀ ਗਿਣਤੀ ’ਚ ਯਾਤਰੀ ਫਸ ਗਏ।
ਰੇਲ ਲਾਈਨ ਪੁੱਟਣ ਤੋਂ ਬਾਅਦ ਜਰਮਨੀ ਵਿਚ ਰੇਲ ਸੇਵਾਵਾਂ ਦੇਣ ਵਾਲੀ ਡੌਸ ਬਾਹਨ ਨੇ ਯਾਤਰੀਆਂ ਨੂੰ ਲੰਬੀ ਦੂਰੀ ਦੇ ਰੇਲ ਨੈੱਟਵਰਕ ’ਚ ਰੁਕਾਵਟਾਂ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਉਸ ਨੇ ਕਿਹਾ ਕਿ ਯਾਤਰਾ ਕਰਨ ਤੋਂ ਪਹਿਲਾਂ ਯਾਤਰੀ ਰੇਲ ਟਰੈਕ ਬਾਰੇ ਜਾਣਕਾਰੀ ਹਾਸਲ ਕਰਨ।
ਸਰਕਾਰੀ ਮਾਲਕੀ ਵਾਲੇ ਰੇਲ ਅਪਰੇਟਰ ਨੇ ਆਪਣੀ ਵੈਬਸਾਈਟ ’ਤੇ ਇੱਕ ਨੋਟਿਸ ਵਿੱਚ ਕਿਹਾ-ਯੂਰੋਸਟਾਰ ਦੇ ਰੇਲ ਰੂਟ ਨੂੰ ਨੁਕਸਾਨ ਪਹੁੰਚਾਉਣ ਕਾਰਨ ਫਰਾਂਸ ਅਤੇ ਜਰਮਨੀ ਵਿਚਕਾਰ ਡੌਸ ਬਾਹਨ ਦੀਆਂ ਲੰਬੀ ਦੂਰੀ ਦੀਆਂ ਸੇਵਾਵਾਂ ਥੋੜ੍ਹੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕੁਝ ਰੇਲ ਗੱਡੀਆਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ।

LEAVE A REPLY

Please enter your comment!
Please enter your name here