ਸੁਲਤਾਨਪੁਰ : ਰਾਹੁਲ ਗਾਂਧੀ ਸੁਲਤਾਨਪੁਰ ਕੋਰਟ ਵਿਚ ਪੇਸ਼ੀ ਭੁਗਤ ਕੇ ਲਖਨਊ ਹਵਾਈ ਅੱਡੇ ਵੱਲ ਜਾਂਦਿਆਂ ਰਾਹ ਵਿਚ ਕੂਰੇਭਾਰ ਦੇ ਵਿਧਾਇਕ ਚੌਕ ’ਚ ਚੇਤ ਰਾਮ ਮੋਚੀ ਦੀ ਦੁਕਾਨ ’ਤੇ ਰੁਕੇ। ਚੇਤ ਰਾਮ ਨਾਲ ਗੱਲਬਾਤ ਦੌਰਾਨ ਚੱਪਲ ਗੰਢਣ ਦੀ ਕੋਸ਼ਿਸ਼ ਵੀ ਕੀਤੀ। ਚੇਤ ਰਾਮ ਨੇ ਰਾਹੁਲ ਨੂੰ ਕਿਹਾ ਕਿ ਉਹ ਗਰੀਬ ਹੈ ਤੇ ਉਸਦੀ ਮਦਦ ਕਰੋ। ਰਾਹੁਲ ਨੇ ਮੋਚੀਆਂ ਦਾ ਮੁੱਦਾ ਲੋਕ ਸਭਾ ਵਿਚ ਉਠਾਉਣ ਦਾ ਭਰੋਸਾ ਦਿੱਤਾ।
ਰਾਹੁਲ ਗਾਂਧੀ ਮਾਣਹਾਨੀ ਦੇ ਮਾਮਲੇ ’ਚ ਸੁਣਵਾਈ ਲਈ ਸ਼ੁੱਕਰਵਾਰ ਇੱਥੋਂ ਦੀ ਐੱਮ ਪੀ-ਐੱਮ ਐੱਲ ਏ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 12 ਅਗਸਤ ਨਿਰਧਾਰਤ ਕੀਤੀ ਤੇ ਉਸ ਵੇਲੇ ਪਟੀਸ਼ਨਰ ਦਾ ਬਿਆਨ ਦਰਜ ਕੀਤਾ ਜਾਵੇਗਾ। ਸਥਾਨਕ ਭਾਜਪਾ ਆਗੂ ਵਿਜੈ ਮਿਸ਼ਰਾ ਨੇ 4 ਅਗਸਤ, 2018 ਨੂੰ ਉਸ ਵੇਲੇ ਦੇ ਭਾਜਪਾ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਰਾਹੁਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਅਦਾਲਤ ਨੇ 20 ਫਰਵਰੀ ਨੂੰ ਇਸ ਮਾਮਲੇ ’ਚ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਸੀ।