ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਕਮਲਾ ਹੈਰਿਸ ਦੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣਨ ਦੀਆਂ ਸੰਭਾਵਨਾਵਾਂ ਹੋਰ ਰੌਸ਼ਨ ਹੋ ਗਈਆਂ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਪਾਰਟੀ ਦੇ ਵੱਡੇ ਨੇਤਾ ਬਰਾਕ ਓਬਾਮਾ ਅਤੇ ਉਨ੍ਹਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਉਨ੍ਹਾ ਦੇ ਨਾਂ ਦਾ ਸਮਰਥਨ ਕਰ ਦਿੱਤਾ। ਓਬਾਮਾ ਵੱਲੋਂ ਖੁੱਲ੍ਹ ਕੇ ਸਮਰਥਨ ਦੇਣ ਤੋਂ ਬਾਅਦ ਹੁਣ ਇਹ ਲਗਭਗ ਤੈਅ ਹੈ ਕਿ ਹੈਰਿਸ ਹੀ ਰਿਪਬਲਿਕਨ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਵੇਗੀ। ਕਮਲਾ ਹੈਰਿਸ ਨੇ ਓਬਾਮਾ ਜੋੜੇ ਦਾ ਧੰਨਵਾਦ ਕੀਤਾ ਹੈ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਉਮੀਦਵਾਰੀ ਦੀ ਦੌੜ ਤੋਂ ਪਿੱਛੇ ਹਟਦਿਆਂ ਕਮਲਾ ਹੈਰਿਸ ਦਾ ਨਾਂ ਅੱਗੇ ਰੱਖਿਆ ਸੀ। 5 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ।