32.8 C
Jalandhar
Thursday, April 18, 2024
spot_img

ਚੋਰ-ਸਿਪਾਹੀ ਦੀ ਖੇਡ ਐਤਵਾਰ ਵੀ ਜਾਰੀ ਰਹੀ

ਜਲੰਧਰ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖੁਦਸਾਖਤਾ ਚੀਫ ਅੰਮਿ੍ਤਪਾਲ ਸਿੰਘ ਦੀ ਭਾਲ ਦਰਮਿਆਨ ਜਲੰਧਰ ਦੇ ਡੀ ਆਈ ਜੀ ਸਵਪਨ ਸ਼ਰਮਾ ਨੇ ਐਤਵਾਰ ਦੱਸਿਆ ਕਿ ਸ਼ਨੀਵਾਰ ਪੁਲਸ ਹੱਥੋਂ ਬਚਦਿਆਂ ਅੰਮਿ੍ਤਪਾਲ ਕਈ ਰੂਟ ਬਦਲ ਕੇ 12-13 ਕਿੱਲੋਮੀਟਰ ਦੀ ਲਿੰਕ ਰੋਡ ‘ਤੇ ਪੈ ਕੇ ਅਲੋਪ ਹੋ ਗਿਆ | ਉਸਨੂੰ ਪਹਿਲਾਂ ਸ਼ਾਹਕੋਟ ਇਲਾਕੇ ‘ਤੇ ਦੇਖਿਆ ਗਿਆ | ਜਦੋਂ ਉਸਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹ ਯੂ-ਟਰਨ ਲੈ ਕੇ ਇਕ ਫਲਾਈਓਵਰ ਦੇ ਹੇਠੋਂ ਲਿੰਕ ਰੋਡ ‘ਤੇ ਪੈ ਗਿਆ | ਲਿੰਕ ਰੋਡ ‘ਤੇ ਛੇ-ਸੱਤ ਬਾਈਕਾਂ ਸਨ, ਜਿਨ੍ਹਾਂ ਵਿਚ ਉਸਦੀ ਕਾਰ ਵੱਜੀ | ਜਾਪਦਾ ਹੈ ਕਿ ਬਾਈਕਾਂ ਵਾਲੇ ਉਸਦੀ ਮਦਦ ਕਰ ਰਹੇ ਸਨ | ਬਾਈਕਾਂ ਵਾਲੇ ਪੁਲਸ ਨੂੰ ਭਟਕਾਉਣ ਵਾਲੇ ਸਨ | ਸ਼ਰਮਾ ਨੇ ਦੱਸਿਆ ਕਿ ਕਾਰ ਵਿਚ ਅੰਮਿ੍ਤਪਾਲ ਸਣੇ ਚਾਰ ਵਿਅਕਤੀ ਸੀ | ਉਨ੍ਹਾਂ ਦੀ ਭਾਲ ਜਾਰੀ ਹੈ |
ਇਹ ਪੁੱਛੇ ਜਾਣ ‘ਤੇ ਕਿ ਕੀ ਅੰਮਿ੍ਤਪਾਲ ਪੰਜਾਬ ਵਿਚ ਹੀ ਲੁਕਿਆ ਹੋਇਆ ਹੈ ਜਾਂ ਸੂਬੇ ਤੋਂ ਬਾਹਰ ਨਿਕਲ ਗਿਆ ਹੈ, ਸ਼ਰਮਾ ਨੇ ਕਿਹਾ ਕਿ ਇਹ ਇੰਟੈਲੀਜੈਂਸ ਅਧਾਰਤ ਅਪ੍ਰੇਸ਼ਨ ਹੈ ਤੇ ਸੂਚਨਾ ਸਾਂਝੀ ਨਹੀਂ ਕੀਤੀ ਜਾ ਸਕਦੀ | ਇਹ ਪੁੱਛੇ ਜਾਣ ‘ਤੇ ਕਿ ਕੀ ਅੰਮਿ੍ਤਪਾਲ ਦੀ ਪਤਨੀ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਹੈ ਤੇ ਅੰਮਿ੍ਤਪਾਲ ਵੀ ਵਾਇਆ ਨੇਪਾਲ ਕੈਨੇਡਾ ਭੱਜਣ ਦੀ ਯੋਜਨਾ ਬਣਾ ਰਿਹਾ ਹੈ, ਸ਼ਰਮਾ ਨੇ ਕਿਹਾ ਕਿ ਹੋ ਸਕਦੈ, ਪਰ ਜਾਂਚ ਕਰਨ ‘ਤੇ ਪਤਾ ਲੱਗਣਾ |
ਸ਼ਰਮਾ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਸੰਬੰਧਾਂ ਦਾ ਪਤਾ ਲੱਗਿਆ ਹੈ | ਇਸ ਖੁਲਾਸੇ ਤੋਂ ਬਾਅਦ ਕੇਸ ਵਿਚ ਕੌਮੀ ਜਾਂਚ ਏਜੰਸੀ (ਏ ਐੱਨ ਆਈ) ਦੀ ਐਂਟਰੀ ਹੋ ਸਕਦੀ ਹੈ |
ਜਲੰਧਰ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਅੰਮਿ੍ਤਪਾਲ ਭਗੌੜਾ ਹੈ ਤੇ ਉਸਨੂੰ ਛੇਤੀ ਫੜ ਲਿਆ ਜਾਵੇਗਾ | ਉਨ੍ਹਾ ਦਾਅਵਾ ਕੀਤਾ ਕਿ ਉਸਨੂੰ ਫੜਨ ਵਿਚ ਕੋਈ ਘਾਟ ਨਹੀਂ ਰਹੀ ਹੈ | ਉਨ੍ਹਾ ਕਿਹਾ—ਇਹ ਚੋਰ ਤੇ ਸਿਪਾਹੀ ਦੀ ਖੇਡ ਹੈ | ਕਦੇ-ਕਦੇ ਅਪਰਾਧੀ ਬਚ ਨਿਕਲਦੇ ਹਨ | ਪਰ ਅਸੀਂ ਉਸਨੂੰ ਛੇਤੀ ਫੜ ਲਵਾਂਗੇ |
ਇਸੇ ਦੌਰਾਨ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੰਮਿ੍ਤਪਾਲ ਦੀ ਗੱਡੀ ਦਾ 20-25 ਕਿੱਲੋਮੀਟਰ ਪਿੱਛਾ ਕੀਤਾ ਗਿਆ ਸੀ | ਉਹ ਮੂਹਰੇ ਸੀ, ਜਿਸਦਾ ਉਸਨੂੰ ਕੁਦਰਤੀ ਫਾਇਦਾ ਸੀ | ਤੰਗ ਸੜਕਾਂ ਵਿਚ ਉਹ ਗੱਡੀ ਬਦਲ ਕੇ ਬਚ ਨਿਕਲਿਆ | ਉਸਦੇ ਦੋ ਵਾਹਨ ਕਬਜ਼ੇ ਵਿਚ ਲਏ ਗਏ ਹਨ |
ਇਹ ਵੀ ਪਤਾ ਲੱਗਿਆ ਹੈ ਕਿ ਅੰਮਿ੍ਤਪਾਲ ਸਿੰਘ ਆਨੰਦਪੁਰ ਖਾਲਸਾ ਫੌਜ (ਏ ਕੇ ਐੱਫ) ਨਾਂ ਦੀ ਨਵੀਂ ਹਥਿਆਰਬੰਦ ਫੋਰਸ ਖੜ੍ਹੀ ਕਰ ਰਿਹਾ ਸੀ | ਅੰਮਿ੍ਤਸਰ ਦੇਹਾਤੀ ਦੇ ਐੱਸ ਐੱਸ ਪੀ ਸਤਿੰਦਰ ਸਿੰਘ ਨੇ ਕਿਹਾ ਕਿ ਅੰਮਿ੍ਤਪਾਲ ਦੇ ਇਕ ਕਰੀਬੀ ਤੋਂ 100 ਤੋਂ ਵੱਧ ਨਾਜਾਇਜ਼ ਕਾਰਤੂਸ ਮਿਲੇ | ਪੁੱਛਗਿੱਛ ‘ਚ ਉਸਨੇ ਦੱਸਿਆ ਕਿ ਇਹ ਕਾਰਤੂਸ ਅੰਮਿ੍ਤਪਾਲ ਨੇ ਉਸਨੂੰ ਦਿੱਤੇ ਸੀ | ਅੰਮਿ੍ਤਪਾਲ ਦੇ ਘਰ ਦੇ ਬਾਹਰ ਵੀ ਏ ਕੇ ਐੱਫ ਦਾ ਬੋਰਡ ਲੱਗਿਆ ਮਿਲਿਆ | ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸਨੇ ਬੁਲਟ ਪਰੂਫ ਜੈਕਟਾਂ ਵੀ ਕਾਫੀ ਮੰਗਵਾਈਆਂ ਹੋਈਆਂ ਸੀ | ਏ ਕੇ ਐੱਫ ਦੇ ਜੈਕਟਾਂ ਅਤੇ ਹਥਿਆਰਾਂ ‘ਤੇ ਲੋਗੋ ਲਾਏ ਜਾ ਰਹੇ ਸੀ |
ਅੰਮਿ੍ਤਪਾਲ ਸਿੰਘ ਅਤੇ ਉਹਦੇ ਕਈ ਸਮਰਥਕਾਂ ਖਿਲਾਫ ਪੰਜਾਬ ਪੁਲਸ ਨੇ ਆਰਮਜ਼ ਐਕਟ ਤਹਿਤ ਇਕ ਹੋਰ ਕੇਸ ਦਰਜ ਕੀਤਾ ਹੈ | ਐੱਸ ਐੱਸ ਪੀ ਸਤਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਅੰਮਿ੍ਤਪਾਲ ਦੇ 7 ਸਾਥੀਆਂ ਨੂੰ ਗਿ੍ਫਤਾਰ ਕੀਤਾ ਸੀ ਤੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੈ | ਗਿ੍ਫਤਾਰ ਕੀਤੇ ਜਾਣ ਵਾਲਿਆਂ ਦੀ ਪਛਾਣ ਅਜੈਪਾਲ ਸਿੰਘ, ਗੁਰਵੀਰ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਲਾਲ ਸਿੰਘ, ਸਵਰੀਤ ਸਿੰਘ ਤੇ ਅਮਨਦੀਪ ਸਿੰਘ ਹਨ | ਇਹ ਅੰਮਿ੍ਤਪਾਲ ਸਿੰਘ ਦੇ ਕਾਫਲੇ ਦੇ ਨਾਲ ਸੀ |
ਅੰਮਿ੍ਤਪਾਲ ਦੇ ਕਰੀਬੀ ਦਲਜੀਤ ਸਿੰਘ ਕਲਸੀ ਨੂੰ ਪੰਜਾਬ ਪੁਲਸ ਨੇ ਗੁਰੂਗ੍ਰਾਮ ਤੋਂ ਗਿ੍ਫਤਾਰ ਕੀਤਾ ਹੈ | ਉਹ ਡੀ ਐਲ ਐਫ ਗੁਰੂਗ੍ਰਾਮ ਵਿਚ ਰਹਿੰਦਾ ਹੈ | ਮੰਨਿਆ ਜਾਂਦਾ ਹੈ ਕਿ ਉਹ ਅੰਮਿ੍ਤਪਾਲ ਸਿੰਘ ਦੇ ਸਾਰੇ ਵਿੱਤੀ ਪ੍ਰਬੰਧ ਵੇਖਦਾ ਹੈ |
ਉਧਰ, ਅੰਮਿ੍ਤਪਾਲ ਦੇ ਚਾਰ ਸਾਥੀਆਂ ਨੂੰ ਪੰਜਾਬ ਪੁਲਸ ਐਤਵਾਰ ਵਿਸ਼ੇਸ਼ ਜਹਾਜ਼ ‘ਚ ਬਿਠਾ ਕੇ ਅਸਾਮ ਦੇ ਡਿਬਰੂਗੜ੍ਹ ਲੈ ਗਈ | ਉਨ੍ਹਾਂ ਨੂੰ ਫਿਲਹਾਲ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ‘ਚ ਰੱਖਿਆ ਗਿਆ ਹੈ | ਜਹਾਜ਼ ਨਾਲ ਆਈਜੀ ਜੇਲ੍ਹਾਂ ਸਣੇ ਪੰਜਾਬ ਪੁਲਸ ਦਾ 27 ਮੈਂਬਰੀ ਦਸਤਾ ਵੀ ਗਿਆ | ਆਈ ਜੀ ਅਸਾਮ ਪ੍ਰਸ਼ਾਂਤ ਕੁਮਾਰ ਭੂਯਨ ਨੇ ਕਿਹਾ ਕਿ ਉਨ੍ਹਾ ਨੂੰ ਇਸ ਸੰਬੰਧੀ ਕਿਸੇ ਵੀ ਘਟਨਾਕ੍ਰਮ ਬਾਰੇ ਪਤਾ ਨਹੀਂ ਹੈ |
ਇਸੇ ਦੌਰਾਨ ਇੰਟਰਨੇਟ ਅਤੇ ਐੱਸ ਐੱਮ ਐੈੱਸ ਸੇਵਾਵਾਂ ਸੋਮਵਾਰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ | ਇਹ ਐਲਾਨ ਪੰਜਾਬ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਕੀਤਾ ਗਿਆ | ਪੰਜਾਬ ਰੋਡਵੇਜ਼ ਤੇ ਪਨਬਸ ਦੀ ਸਰਵਿਸ ਵੀ ਸੋਮਵਾਰ ਤੇ ਮੰਗਲਵਾਰ ਬੰਦ ਰਹੇਗੀ |

Related Articles

LEAVE A REPLY

Please enter your comment!
Please enter your name here

Latest Articles