26.6 C
Jalandhar
Friday, April 26, 2024
spot_img

ਕੀਹਨੇ ਕੀਤਾ ਦੇਸ਼ ਦਾ ਅਪਮਾਨ

ਬਰਤਾਨੀਆ ਵਿੱਚ ਰਾਹੁਲ ਗਾਂਧੀ ਵੱਲੋਂ ਮੋਦੀ ਰਾਜ ਵਿਰੁੱਧ ਦਿੱਤੇ ਬਿਆਨਾਂ ਨੂੰ ਭਾਰਤ ਦੇ ਅਪਮਾਨ ਵਜੋਂ ਪੇਸ਼ ਕਰਕੇ ਸੱਤਾਧਾਰੀ ਧਿਰ ਵੱਲੋਂ ਸੰਸਦ ਨੂੰ ਜਾਮ ਕੀਤੇ ਜਾਣਾ ਹੀ ਦੱਸਦਾ ਹੈ ਕਿ ਦੇਸ਼ ਵਿੱਚ ਲੋਕਤੰਤਰ ਦੀ ਕਿਸ ਹੱਦ ਤੱਕ ਦੁਰਦਸ਼ਾ ਹੋ ਚੁੱਕੀ ਹੈ | ਸੱਤਾਧਾਰੀ ਧਿਰ ਨੇ ਇੱਕੋ ਹੀ ਰਟ ਲਾਈ ਹੋਈ ਹੈ ਕਿ ਰਾਹੁਲ ਗਾਂਧੀ ਮਾਫ਼ੀ ਮੰਗੇ | ਇਸ ਦੇ ਜਵਾਬ ਵਿੱਚ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਦਿੱਤੇ ਗਏ ਬਿਆਨਾਂ ਦਾ ਕਾਲਾ ਚਿੱਠਾ ਜਾਰੀ ਕਰਕੇ ਕਿਹਾ ਹੈ ਕਿ ਮੋਦੀ ਨੇ ਤਾਂ ਇੱਕ ਤੋਂ ਬਾਅਦ ਦੂਜੇ ਦੇਸ਼ ਵਿੱਚ ਜਾ ਕੇ ਅਜਿਹੇ ਬਿਆਨ ਦਿੱਤੇ ਹਨ, ਜੋ ਦੇਸ਼ ਦੀ ਹੇਠੀ ਕਰਨ ਵਾਲੇ ਹਨ | ਵੰਨਗੀਆਂ ਦੇਖੋ:
ਮਈ 2015 ਵਿੱਚ ਚੀਨ ਦੇ ਸ਼ੰਘਾਈ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਸੀ, ”ਇੱਕ ਸਾਲ ਪਹਿਲਾਂ ਦੁਨੀਆ ਭਰ ਵਿੱਚ ਇੱਕੋ ਸੁਰ ਸੁਣਾਈ ਦੇ ਰਿਹਾ ਸੀ | ਦੁੱਖ ਭਰੇ ਦਿਨ ਬੀਤੇ ਰੇ ਭਈਆ, ਦੁੱਖ ਭਰੇ ਦਿਨ ਬੀਤੇ | ਅਜਿਹਾ ਹੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ? ਕੋਈ ਪੁੱਛਣ ਵਾਲਾ ਨਹੀਂ ਸੀ | ਕੋਈ ਸੁਣਨ ਨੂੰ ਤਿਆਰ ਨਹੀਂ ਸੀ | ਕੋਈ ਦੇਖਣ ਨੂੰ ਤਿਆਰ ਨਹੀਂ ਸੀ | ਇੱਕ ਸਾਲ ਅੰਦਰ ਆਪ ਛਾਤੀ ਤਾਣ ਕੇ, ਅੱਖ ਮਿਲਾ ਕੇ ਦੁਨੀਆ ਨਾਲ ਗੱਲ ਕਰ ਸਕਦੇ ਹੋ ਕਿ ਨਹੀਂ? ਦੁਨੀਆ ਤੁਹਾਨੂੰ ਆਦਰ ਨਾਲ ਦੇਖਦੀ ਹੈ ਕਿ ਨਹੀਂ? ਤੁਹਾਨੂੰ ਭਾਰਤ ਦੀ ਤਰੱਕੀ ਨਾਲ ਮਾਣ ਹੁੰਦਾ ਹੈ ਕਿ ਨਹੀਂ? ” ਇਨ੍ਹਾਂ ਸ਼ਬਦਾਂ ਰਾਹੀਂ ਮੋਦੀ ਨੇ ਕਾਂਗਰਸ ਦੀ ਮਨਮੋਹਨ ਸਰਕਾਰ ਨੂੰ ਨਿਕੰਮਾ ਪੇਸ਼ ਕਰਕੇ ਭਾਰਤੀ ਲੋਕਤੰਤਰ ਦਾ ਮਜ਼ਾਕ ਉਡਾਇਆ ਸੀ |
ਚੀਨ ਤੋਂ ਬਾਅਦ ਮੋਦੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪੁੱਜੇ ਸਨ | ਇੱਥੇ ਵੀ ਉਨ੍ਹਾ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ”ਪਹਿਲਾਂ ਲੋਕ ਕਹਿੰਦੇ ਸੀ ਕਿ ਪਤਾ ਨਹੀਂ ਕਿਹੜੇ ਜਨਮਾਂ ਦਾ ਪਾਪ ਕੀਤਾ ਜੋ ਹਿੰਦੋਸਤਾਨ ਵਿੱਚ ਪੈਦਾ ਹੋ ਗਏ, ਇਹ ਕੋਈ ਦੇਸ਼ ਹੈ, ਇਹ ਕੋਈ ਸਰਕਾਰ ਹੈ, ਇਹ ਕੋਈ ਲੋਕ ਹਨ, ਚਲੋ ਛੱਡੋ ਕਿਤੇ ਹੋਰ ਚੱਲੀਏ | ਅਤੇ ਲੋਕ ਨਿਕਲ ਪੈਂਦੇ ਸਨ | ਸਨਅਤਕਾਰ ਵੀ ਕਹਿੰਦੇ ਸੀ ਕਿ ਇੱਥੇ ਵਪਾਰ ਨਹੀਂ ਕਰਨਾ | ਮੈਂ ਇਸ ਦੇ ਕਾਰਨਾਂ ਵਿੱਚ ਨਹੀਂ ਜਾਂਦਾ | ਪਰ ਇਹ ਧਰਾਤਲ ਸੱਚਾਈ ਹੈ | ਲੋਕਾਂ ਵਿੱਚ ਨਿਰਾਸ਼ਾ ਤੇ ਗੁੱਸਾ ਸੀ | ਅੱਜ ਹਰ ਕੋਈ ਭਾਰਤ ਵਾਪਸ ਆਉਣ ਲਈ ਉਤਸੁਕ ਹੈ |”
ਨਰਿੰਦਰ ਮੋਦੀ ਨੇ 2022 ਨੂੰ ਜਰਮਨੀ ਦੇ ਬਰਲਿਨ ਵਿੱਚ ਕਾਂਗਰਸ ਉੱਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ, ”ਉਨ੍ਹਾਂ ਦੇ ਰਾਜ ਵਿੱਚ ਭਾਰਤੀਆਂ ਨੂੰ ਇੱਕ ਰੁਪਏ ‘ਚੋਂ ਕੇਵਲ 15 ਪੈਸੇ ਮਿਲਦੇ ਸੀ | ਉਹ ਕਿਹੜਾ ਪੰਜਾ ਸੀ ਜੋ 85 ਪੈਸੇ ਲੈ ਜਾਂਦਾ ਸੀ |” ਇਸੇ ਤਰ੍ਹਾਂ 2014 ਵਿੱਚ ਆਸਟ੍ਰੇਲੀਆ ਦੌਰੇ ਦੌਰਾਨ ਕਿਹਾ ਸੀ, ”ਪਹਿਲਾਂ ਦੀਆਂ ਸਰਕਾਰਾਂ ਇਸ ਗੱਲ ਉੱਤੇ ਮਾਣ ਕਰਦੀਆਂ ਸੀ ਕਿ ਅਸੀਂ ਫਲਾਨਾ ਕਾਨੂੰਨ ਬਣਾਇਆ, ਅਸੀਂ ਢਿਕਾਨਾ ਕਾਨੂੰਨ ਬਣਾਇਆ | ਮੇਰੀ ਗੱਡੀ ਉਲਟੀ ਹੈ | ਉਨ੍ਹਾਂ ਨੂੰ ਕਾਨੂੰਨ ਬਣਾਉਣ ਵਿੱਚ ਮਜ਼ਾ ਆਉਂਦਾ ਸੀ ਤੇ ਮੈਨੂੰ ਕਾਨੂੰਨ ਖ਼ਤਮ ਕਰਕੇ ਮਜ਼ਾ ਆਉਂਦਾ ਹੈ |” ਇਸੇ ਸਾਲ ਨਿਊਯਾਰਕ ਵਿੱਚ ਵੀ ਮੋਦੀ ਨੇ ਕਾਨੂੰਨ ਤੋੜਨ ਦੀ ਗੱਲ ਕਰਦਿਆਂ ਕਿਹਾ ਸੀ, ”ਜੇਕਰ ਹਰ ਦਿਨ ਮੈਂ ਇੱਕ ਕਾਨੂੰਨ ਖ਼ਤਮ ਕਰ ਸਕਾਂ ਤਾਂ ਮੈਨੂੰ ਸਭ ਤੋਂ ਵੱਧ ਆਨੰਦ ਆਵੇਗਾ |” ਅਸਲ ਵਿੱਚ ਕਾਨੂੰਨ ਹੀ ਲੋਕਤੰਤਰ ਦੀ ਜਾਨ ਹੁੰਦੇ ਹਨ | ਕਾਨੂੰਨ ਖ਼ਤਮ ਕਰ ਦੇਣ ਦਾ ਮਤਲਬ ਹੀ ਫਾਸ਼ੀਵਾਦ ਹੁੰਦਾ ਹੈ |
ਕੈਨੇਡਾ ਦੇ ਟਰਾਂਟੋ ਵਿੱਚ 2015 ਨੂੰ ਬੋਲਦਿਆਂ ਮੋਦੀ ਨੇ ਫਿਰ ਕਾਂਗਰਸ ਵਿਰੁੱਧ ਜ਼ਹਿਰ ਉਗਲਿਆ ਸੀ | ਉਨ੍ਹਾ ਕਿਹਾ ਸੀ, ”ਜਿਨ੍ਹਾਂ ਨੇ ਗੰਦ ਪਾਉਣਾ ਸੀ ਉਹ ਗੰਦ ਪਾ ਕੇ ਚਲੇ ਗਏ, ਪਰ ਅਸੀਂ ਸਫ਼ਾਈ ਕਰਕੇ ਜਾਵਾਂਗੇ |” ਇਸ ਤੋਂ ਇਲਾਵਾ ਕਾਂਗਰਸ ਨੇ ਮੋਦੀ ਵੱਲੋਂ ਸਿੰਗਾਪੁਰ ਤੇ ਦੋਹਾ ਵਿੱਚ ਦਿੱਤੇ ਗਏ ਬਿਆਨਾਂ ਦੇ ਵੀਡੀਓ ਵੀ ਰਿਲੀਜ਼ ਕੀਤੇ ਹਨ |

Related Articles

LEAVE A REPLY

Please enter your comment!
Please enter your name here

Latest Articles