ਚੰਡੀਗੜ੍ਹ : ਪੰਜਾਬ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗਲਵਾਰ ਪੰਜਾਬ ਸੀ ਪੀ ਆਈ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਹਿਰਦਤਾ ਅਤੇ ਠਰੰ੍ਹਮੇ ਤੋਂ ਕੰਮ ਲੈ ਕੇ ਆਪਣੀ ਪੂਰੀ ਤਾਕਤ ਨਾਲ ਹਜ਼ਾਰਾਂ ਕੁਰਬਾਨੀਆਂ ਦੇ ਕੇ ਕਾਇਮ ਕੀਤੀ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਬਣਾਈ ਰੱਖਣ | ਪਾਰਟੀ ਲੀਡਰਾਂ ਨਾਲ ਵਿਚਾਰ-ਚਰਚਾ ਕਰਨ ਉਪਰੰਤ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬੀਆਂ ਨੇ ਹਜ਼ਾਰਾਂ ਕੁਰਬਾਨੀਆਂ ਦੇ ਕੇ ਬਹੁਤ ਮੁਸ਼ਕਲ ਨਾਲ ਸ਼ਾਂਤੀ ਕਾਇਮ ਕੀਤੀ ਸੀ ਅਤੇ ਬੇਮਿਸਾਲ ਏਕਤਾ ਸਥਾਪਤ ਕਰਕੇ ਸਾਰੇ ਦੇਸ਼ ਵਿਚ ਮਹਾਨ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ | ਪੰਜਾਬੀਆਂ ਦੀ ਇਸ ਏਕਤਾ ਨੂੰ ਤੋੜਨ ਲਈ ਅਨੇਕਾਂ ਕਿਸਮ ਦੀਆਂ ਏਜੰਸੀਆਂ ਦੀ ਵਾਹ ਲੱਗੀ ਹੋਈ ਹੈ ਕਿ ਪ੍ਰਾਂਤ ਦਾ ਮਹੌਲ ਪੂਰੀ ਤਰ੍ਹਾਂ ਬਰਬਾਦ ਕੀਤਾ ਜਾਵੇ |
ਸ੍ਰੀ ਬਰਾੜ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਪੰਜਾਬ ਦੇ ਵਿਗੜੇ ਹੋਏ ਹਾਲਾਤ ਲਈ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ | ਉਹਨਾ ਕਿਹਾ ਕਿ ਬੜੀ ਦੇਰ ਤੋਂ ਫੁੱਟ-ਪਾਊ ਪੰਜਾਬ ਵਿਰੋਧੀ ਸ਼ਕਤੀਆਂ ਖੁੱਲ੍ਹੇਆਮ ਹਥਿਆਰਾਂ ਦੀ ਨੁਮਾਇਸ਼ ਕਰਦੀਆਂ ਘੁੰਮ ਰਹੀਆਂ ਸਨ ਤੇ ਹਰ ਪੱਖ ਤੋਂ ਪੂਰੀ ਜਾਣਕਾਰੀ ਹੁੰਦਿਆਂ ਹੋਇਆਂ ਸਰਕਾਰਾਂ ਦਾ ਤਮਾਸ਼ਬੀਨ ਬਣ ਕੇ ਬੈਠੇ ਰਹਿਣਾ ਕਈ ਪ੍ਰਕਾਰ ਦੇ ਸ਼ੰਕਿਆਂ ਨੂੰ ਪ੍ਰਗਟ ਕਰਦਾ ਹੈ |
ਉਹਨਾ ਪੰਜਾਬ ਸਰਕਾਰ ਨੂੰ ਸਾਵਧਾਨ ਕਰਦਿਆਂ ਆਖਿਆ ਕਿ ਉਸ ਨੂੰ ਪੰਜਾਬ ਦੀਆਂ ਸਾਰੀਆਂ ਅਮਨਪਸੰਦ ਤਾਕਤਾਂ ਨੂੰ ਵਿਸ਼ਵਾਸ ਵਿਚ ਲੈ ਕੇ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਭਾਵੇਂ ਉਹ ਦੇਸ਼ ਵਿਚ ਜਾਂ ਬਦੇਸ਼ ਵਿਚ ਹੋਣ, ਸਾਰੇ ਸਬੂਤਾਂ ਸਮੇਤ ਲੋਕਾਂ ਸਾਹਮਣੇ ਨੰਗਿਆਂ ਕਰਨਾ ਚਾਹੀਦਾ ਹੈ | ਸੀ ਪੀ ਆਈ ਨੇ ਅਪੀਲ ਕਰਦਿਆਂ ਆਖਿਆ ਕਿ ਇਸ ਸੰਕਟਮਈ ਹਾਲਤਾਂ ਦਾ ਟਾਕਰਾ ਆਪਣੇ ਸਿਆਸੀ ਅਤੇ ਸਮਾਜੀ ਮਤਭੇਦਾਂ ਨੂੰ ਭੁਲਾ ਕੇ ਸਮੂਹ ਰਾਜਸੀ, ਧਾਰਮਕ ਅਤੇ ਸਮਾਜਕ ਸੰਗਠਨਾਂ ਦੀ ਏਕਤਾ ਕਾਇਮ ਕਰਕੇ ਸਮੱੁਚੇ ਪੰਜਾਬੀਆਂ ਨੂੰ ਕਰਨਾ ਚਾਹੀਦਾ ਹੈ |




