ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੰਗਲਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਕੱਟੜਪੰਥੀ ਪ੍ਰਚਾਰਕ ਅੰਮਿ੍ਤਪਾਲ ਸਿੰਘ ਵਿਰੁੱਧ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਲਗਾਇਆ ਗਿਆ ਹੈ | ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਜੇ ਅੰਮਿ੍ਤਪਾਲ ਦੇਸ਼ ਲਈ ਖ਼ਤਰਾ ਹੈ ਤਾਂ ਉਸ ਨੂੰ ਹਾਲੇ ਤੱਕ ਕਿਉਂ ਨਹੀਂ ਫੜਿਆ ਜਾ ਸਕਿਆ, ਜੇ ਉਸ ਦੇ ਸਾਥੀ ਫੜੇ ਗਏ ਹਨ ਤਾਂ ਉਸ ਨੂੰ ਕਿਉਂ ਨਹੀਂ ਕਾਬੂ ਕੀਤਾ ਗਿਆ | ਰਾਜ ਵਿਚਲੇ 80 ਹਜ਼ਾਰ ਪੁਲਸ ਜਵਾਨ ਕੀ ਕਰ ਰਹੇ ਹਨ | ਇਸ ਦੌਰਾਨ ਹਾਈ ਕੋਰਟ ਨੇ ਅੰਮਿ੍ਤਪਾਲ ਸਿੰਘ ਵੱਲੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਨੂੰ ਖੁਫੀਆ ਤੰਤਰ ਦੀ ਨਾਕਾਮੀ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਝਾੜਿਆ | ਹੁਣ ਇਸ ਮਾਮਲੇ ‘ਤੇ 4 ਦਿਨ ਬਾਅਦ ਸੁਣਵਾਈ ਕੀਤੀ ਜਾਵੇਗੀ |
ਆਈ ਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਉਹ ਬਰੇਜ਼ਾ ਬਰਾਮਦ ਕਰ ਲਈ ਗਈ ਹੈ, ਜਿਸ ਨੂੰ ਮਹਿਤਪੁਰ ਤੋਂ ਭੱਜਣ ਲਈ ਅੰਮਿ੍ਤਪਾਲ ਨੇ ਵਰਤਿਆ ਸੀ | ਅੰਮਿ੍ਤਪਾਲ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਚਾਰ ਜਣੇ ਗਿ੍ਫਤਾਰ ਕਰ ਲਏ ਗਏ ਹਨ | ਉਨ੍ਹਾਂ ਤੋਂ .315 ਬੋਰ ਦੀ ਰਾਈਫਲ, ਕੁਝ ਤਲਵਾਰਾਂ ਤੇ ਵਾਕੀ ਟਾਕੀ ਵੀ ਮਿਲੀ ਹੈ | ਗਿੱਲ ਨੇ ਦੱਸਿਆ ਕਿ ਮਹਿਤਪੁਰ ਵਿਚ ਪੁਲਸ ਨੂੰ ਝਕਾਨੀ ਦੇਣ ਤੋਂ ਬਾਅਦ ਅੰਮਿ੍ਤਪਾਲ ਨੰਗਲ ਅੰਬੀਆਂ ਦੇ ਗੁਰਦੁਆਰੇ ਵਿਚ ਠਹਿਰਿਆ | ਉਥੇ ਬਾਣਾ ਬਦਲ ਕੇ ਸ਼ਰਟ ਤੇ ਟਰਾਊਜ਼ਰ ਪਾਈ ਅਤੇ ਪੱਗ ਵੀ ਬਦਲੀ | ਫਿਰ ਉਹ ਮੋਟਰਸਾਈਕਲ ‘ਤੇ ਭੱਜਿਆ | ਗਿੱਲ ਨੇ ਅੰਮਿ੍ਤਪਾਲ ਦੇ ਕੱਪੜਿਆਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ | ਇਸ ਤੋਂ ਪਹਿਲਾਂ ਉਹ ਗੱਡੀ ਦੀ ਮੂਹਰਲੀ ਸੀਟ ‘ਤੇ ਬੈਠਾ ਇਕ ਟੋਲ ਪਲਾਜ਼ਾ ‘ਤੇ ਨਜ਼ਰ ਆਇਆ ਸੀ |
ਪੁਲਸ ਨੇ ਉਸ ਦੇ ਐੱਨ ਐੱਸ ਏ ਤਹਿਤ ਵਾਰੰਟ ਗਿ੍ਫਤਾਰੀ ਜਾਰੀ ਕਰ ਦਿੱਤੇ ਹਨ | ਪੁਲਸ ਹੁਣ ਤੱਕ 154 ਬੰਦੇ ਫੜ ਚੁੱਕੀ ਹੈ | ਗਿੱਲ ਨੇ ਦੱਸਿਆ ਕਿ ਅਜੇ ਕੌਮੀ ਪੜਤਾਲੀਆ ਏਜੰਸੀ (ਐੱਨ ਆਈ ਏ) ਮਾਮਲੇ ਦੀ ਜਾਂਚ ਵਿਚ ਸ਼ਾਮਲ ਨਹੀਂ ਹੋਈ |
ਅੰਮਿ੍ਤਪਾਲ ਨੂੰ ਮਹਿਤਪੁਰ ਤੋਂ ਭੱਜਣ ਵਿਚ ਜਿਨ੍ਹਾਂ ਮਦਦ ਕੀਤੀ, ਉਨ੍ਹਾਂ ਵਿੱਚੋਂ ਸ਼ਾਹਕੋਟ ਦੇ ਨਵਾਂ ਕਿਲ੍ਹਾ ਦਾ ਮਨਪ੍ਰੀਤ ਮੰਨਾ (28), ਨਕੋਦਰ ਦੇ ਬਲ ਨੌਂ ਦਾ ਗੁਰਦੀਪ ਸਿੰਘ ਦੀਪਾ, ਬੁੱਲੋ੍ਹਵਾਲ ਦੇ ਪਿੰਡ ਕੋਟਲਾ ਨੌਧ ਸਿੰਘ ਦਾ ਹਰਪ੍ਰੀਤ ਸਿੰਘ ਹੈਪੀ (36) ਅਤੇ ਫਰੀਦਕੋਟ ਦੇ ਪਿੰਡ ਗੋਇੰਦਰਾ ਦਾ ਗੁਰਭੇਜ ਸਿੰਘ ਉਰਫ ਭੇਜਾ ਨੂੰ ਫੜਿਆ ਗਿਆ ਹੈ |
ਪੁਲਸ ਨੇ ਅੰਮਿ੍ਤਪਾਲ ਦੇ ਚਾਚੇ ਹਰਜੀਤ ਸਿੰਘ ਤੇ ਡਰਾਈਵਰ ਹਰਪ੍ਰੀਤ ਸਿੰਘ ਉੱਤੇ ਸਰਪੰਚ ਦੇ ਘਰ ਵੜ ਕੇ ਉਸ ਨੂੰ ਬੰਦੀ ਬਣਾਉਣ ਦਾ ਮਹਿਤਪੁਰ ਥਾਣੇ ‘ਚ ਕੇਸ ਦਰਜ ਕੀਤਾ ਹੈ | ਊਧੋਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਦੋਹਾਂ ਨੇ ਬੰਦੂਕ ਦੀ ਨੋਕ ‘ਤੇ ਉਨ੍ਹਾ ਦੇ ਪਰਿਵਾਰ ਨੂੰ 29 ਘੰਟੇ ਬੰਦੀ ਬਣਾਈ ਰੱਖਿਆ | ਹਰਜੀਤ ਤੇ ਹਰਪ੍ਰੀਤ ਨੇ ਬੁਲੰਦਪੁਰ ਗੁਰਦੁਆਰੇ ਨੇੜੇ ਪੁਲਸ ਅੱਗੇ ਆਤਮ-ਸਮਰਪਣ ਕੀਤਾ ਸੀ | ਪੰਜਾਬ ਪੁਲਸ ਅੰਮਿ੍ਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਮੰਗਲਵਾਰ ਸਵੇਰੇ ਆਸਾਮ ਲੈ ਗਈ | ਉਸ ਨੂੰ ਗੁਹਾਟੀ ਤੋਂ ਸੜਕ ਰਾਹੀਂ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ | ਉਹ ਅੰਮਿ੍ਤਪਾਲ ਦੇ ਗਰੁੱਪ ਨਾਲ ਜੁੜਿਆ ਪੰਜਵਾਂ ਵਿਅਕਤੀ ਹੈ, ਜਿਸ ਨੂੰ ਉੱਤਰ-ਪੂਰਬੀ ਰਾਜ ‘ਚ ਲਿਜਾਇਆ ਗਿਆ ਹੈ | ਪੰਜਾਬ ਦੇ 6 ਜ਼ਿਲਿ੍ਹਆਂ ‘ਚ 23 ਮਾਰਚ ਦੁਪਹਿਰ 12 ਵਜੇ ਤੱਕ ਮੋਬਾਇਲ ਇੰਟਰਨੈੱਟ ਅਤੇ ਐੱਸ ਐੱਮ ਐੱਸ ਸੇਵਾਵਾਂ ਬੰਦ ਰਹਿਣਗੀਆਂ, ਜਦੋਂ ਕਿ ਬਾਕੀ ਜ਼ਿਲਿ੍ਹਆਂ ‘ਚ ਇਹ ਸੇਵਾ ਮੰਗਲਵਾਰ ਦੁਪਹਿਰ 12 ਵਜੇ ਬਹਾਲ ਕਰ ਦਿੱਤੀ ਗਈ |
ਤਰਨ ਤਾਰਨ, ਫਿਰੋਜ਼ਪੁਰ, ਸੰਗਰੂਰ, ਮੋਗਾ, ਅੰਮਿ੍ਤਸਰ ਦੇ ਅਜਨਾਲਾ ਅਤੇ ਮੁਹਾਲੀ ਦੇ ਕੁਝ ਇਲਾਕਿਆਂ ‘ਚ ਇੰਟਰਨੈੱਟ ਤੇ ਐੱਸ ਐੱਮ ਐੱਸ ਸੇਵਾ ਬੰਦ ਰਹੇਗੀ |




