ਫਾਜ਼ਿਲਕਾ (ਕਿ੍ਰਸ਼ਨ ਸਿੰਘ)-ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ’ਚ ਬੀਤੀ ਰਾਤ ਆਈ ਤੇਜ਼ ਬਾਰਿਸ਼ ਕਾਰਨ ਇਕ ਗਰੀਬ ਪਰਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ, ਪਰ ਮਕਾਨ ਅੰਦਰ ਪਏ ਕੀਮਤੀ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਮਕਾਨ ਮਾਲਕ ਮੱਖਣ ਸਿੰਘ ਨਿਵਾਸੀ ਪਿੰਡ ਨਵਾਂ ਸਲੇਮਸ਼ਾਹ ਨੇ ਦੱਸਿਆ ਕਿ ਬੀਤੀ ਰਾਤ ਆਈ ਤੇਜ਼ ਬਾਰਿਸ ਅਤੇ ਹਨੇਰੀ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਜਾਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਬੀਤੀ ਰਾਤ ਜਦੋਂ ਆਪਣੇ ਮਕਾਨ ਅੰਦਰ ਸੁੱਤੇ ਪਏ ਸਨ ਤਾਂ ਤੇਜ਼ ਬਾਰਿਸ ਅਤੇ ਹਨੇਰੀ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਪਈ। ਇਸ ਦੌਰਾਨ ਉਹ ਵੀ ਛੱਤ ਥੱਲੇ ਆ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਇਸ ਦੌਰਾਨ ਉਸ ਨੂੰ ਕੁਝ ਚੋਟਾਂ ਵੀ ਆਈਆਂ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਹੋਰ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਉਨ੍ਹਾਂ ਦੇ ਮਕਾਨ ਅੰਦਰ ਪਿਆ ਲੱਗਭੱਗ 30 ਤੋਂ 35 ਹਜ਼ਾਰ ਰੁਪਏ ਦਾ ਸਾਮਾਨ ਸੰਦੂਕ, ਮੰਜੇ, ਫਰਿੱਜ ਅਤੇ ਹੋਰ ਕੀਮਤੀ ਸਾਮਾਨ ਦਾ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾ ਸਰਕਾਰ ਤੋਂ ਉਨ੍ਹਾਂ ਦੇ ਮਕਾਨ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।