ਜਗਰਾਉਂ (ਅਮਿਤ ਖੰਨਾ,
ਨਛੱਤਰ ਸੰਧੂ)
ਅਨੁਸੂਚਿਤ ਜਾਤੀ ਪਰਵਾਰ ਦੀ ਨੌਜਵਾਨ ਧੀ ਅਤੇ ਮਾਂ ਨੂੰ ਤੱਤਕਾਲੀ ਥਾਣਾ ਮੁਖੀ ਗੁਰਿੰਦਰ ਬੱਲ ਅਤੇ ਏ ਐੱਸ ਆਈ ਰਾਜਵੀਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਨਜਾਇਜ਼ ਹਿਰਾਸਤ ’ਚ ਰੱਖ ਕੇ ਕੁੱਟਮਾਰ ਕਰਨ ਅਤੇ ਕਰੰਟ ਲਗਾਉਣ ਨਾਲ ਨਕਾਰਾ ਹੋ ਕੇ ਮੌਤ ਦੇ ਮੂੰਹ ਗਈ ਧੀ ਕੁਲਵੰਤ ਕੌਰ ਰਸੂਲਪੁਰ ਨੂੰ ਮਰਨ ਲਈ ਮਜਬੂਰ ਕਰਨ ਅਤੇ ਅਗਵਾ ਕਰਨ ਦੇ ਮਾਮਲੇ ਸੰਬੰਧੀ ਸਾਲ ਪਹਿਲਾਂ ਦਰਜ ਮੁਕੱਦਮੇ ਦੇ ਚਾਰੇ ਮੁਲਜ਼ਮਾਂ ਨੂੰ ਗਿ੍ਰਫਤਾਰ ਨਾ ਕਰਨ ਅਤੇ ਪੀੜਤ ਪਰਵਾਰ ਨੂੰ ਮੁਆਵਜ਼ਾ ਨਾ ਦੇਣ ਸੰਬੰਧੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਹੁਣ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਦਿੱਲੀ ਤਲ਼ਬ ਕੀਤਾ ਹੈ। ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਲੰਘੀਆਂ ਤਰੀਕਾਂ ’ਤੇ ਸੀਨੀਅਰ ਪੁਲਸ ਅਤੇ ਸਿਵਲ ਅਧਿਕਾਰੀਆਂ ਦੀ ਗੈਰ-ਹਾਜ਼ਰੀ ਅਤੇ ਹਾਜ਼ਰ ਹੋਏ ਐੱਸ ਐੱਸ ਪੀ ਅਤੇ ਏ ਆਈ ਜੀ ਕਰਾਇਮ ਦੇ ਨਾਕਾਰਾਤਮਕ ਵਤੀਰੇ ਤੋਂ ਖਫਾ ਕੌਮੀ ਕਮਿਸ਼ਨ ਨੇ ਹੁਣ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਨੂੰ ਆਦੇਸ਼ ਦਿੱਤਾ ਹੈ ਕਿ ਮਾਮਲੇ ਨਾਲ ਸੰਬੰਧਤ ਏ ਡੀ ਜੀ ਪੀ/ਕਰਾਇਮ, ਕਮਿਸ਼ਨਰ ਪਟਿਆਲਾ, ਇੰਸਪੈਕਟਰ ਜਨਰਲ ਪੁਲਸ ਲੁਧਿਆਣਾ, ਡਿਪਟੀ ਕਮਿਸ਼ਨ ਲੁਧਿਆਣਾ ਸਮੇਤ ਏ ਆਈ ਜੀ/ਕਰਾਇਮ ਜਲੰਧਰ ਦੀ 28 ਮਾਰਚ ਨੂੰ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। ਐਡਵੋਕੇਟ ਐੱਸ ਪੀ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਮਿਸ਼ਨ ਨੇ ਐਕਟ ਦੇ ਸੈਕਸ਼ਨ 4 ਅਧੀਨ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾਵੇ ਅਤੇ ਪੀੜਤ ਪਰਵਾਰ ਨੂੰ ਤੁਰੰਤ ਪ੍ਰਭਾਵ ਮੁਆਵਜ਼ਾ ਦਿੱਤਾ ਜਾਵੇ। ਖੁਦ ਪੀੜਤਾ ਤੇ ਮਿ੍ਰਤਕ ਧੀ ’ਤੇ ਅੱਤਿਆਚਾਰਾਂ ਦੀ ਚਸ਼ਮਦੀਦ ਗਵਾਹ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ 14 ਜੁਲਾਈ 2005 ਨੂੰ ਉਸ ਨੂੰ ਅਤੇ ਉਸ ਦੀ ਨੌਜਵਾਨ ਧੀ ਨੂੰ ਦੋਸ਼ੀਆਂ ਨੇ ਰਾਤ ਨੂੰ ਘਰੋਂ ਚੁੱਕ ਕੇ ਥਾਣੇ ’ਚ ਨਜਾਇਜ਼ ਹਿਰਾਸਤ ’ਚ ਰੱਖ ਕੇ ਤਸੀਹੇ ਦਿੱਤੇ ਸਨ। ਮਾਤਾ ਅਨੁਸਾਰ ਤਸੀਹਿਆਂ ਕਾਰਨ ਨਕਾਰਾ ਹੋਈ ਉਸ ਦੀ ਧੀ ਲੰਘੀ 10 ਦਸੰਬਰ 2021 ਨੂੰ ਰੱਬ ਨੂੰ ਪਿਆਰੀ ਹੋ ਗਈ ਸੀ ਅਤੇ ਦੋਸ਼ੀਆਂ ਖਿਲਾਫ ਅਪਰਾਧਿਕ ਧਾਰਾ 304, 342 ਅਤੇ ਐੱਸ ਸੀ/ਐੱਸ ਟੀ ਐਕਟ-1989 ਅਧੀਨ ਮੁਕੱਦਮਾ ਤਾਂ ਦਰਜ ਕੀਤਾ, ਪਰ ਗਿ੍ਰਫਤਾਰੀ ਅੱਜ ਤੱਕ ਨਹੀਂ ਕੀਤੀ।
ਪੁਲਸ ਅਧਿਕਾਰੀਆਂ ਤੋਂ ਨਿਰਾਸ਼ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਭਰਾਤਰੀ ਕਿਸਾਨ-ਮਜ਼ਦੂਰ ਜੱਥੇਬੰਦੀਆਂ ਵੱਲੋਂ ਜਗਰਾਉਂ ਦੇ ਸਿਟੀ ਥਾਣੇ ਮੂਹਰੇ ਪਿਛਲੇ ਇੱਕ ਸਾਲ ਤੋਂ ਪੱਕਾ ਧਰਨਾ ਵੀ ਲਗਾਇਆ ਹੋਇਆ ਹੈ। ਪ੍ਰੈੱਸ ਨੂੰ ਜਾਰੀ ਇੱਕ ਵੱਖਰੇ ਬਿਆਨ ’ਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਦਹਾਕੇ ਤੋਂ ਨਿਆਂ ਮੰਗ ਰਹੇ ਇਸ ਗਰੀਬ ਪਰਵਾਰ ਦੀ ਜਾਣ-ਬੁੱਝ ਕੇ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਨਜਾਇਜ਼ ਹਿਰਾਸਤ ’ਚ ਮਾਂ-ਧੀ ’ਤੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਸੀ।