ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਪਹਾੜਾਂ ’ਤੇ ਭਾਰੀ ਬਰਫ਼ਬਾਰੀ ਅਤੇ ਮੈਦਾਨੀ ਖੇਤਰਾਂ ’ਚ ਮੀਂਹ ਪੈ ਰਿਹਾ ਹੈ। ਲਾਹੌਲ ਸਪਿਤੀ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੀਆਂ ਉਚੀਆਂ ਪਹਾੜੀਆਂ ਇੱਕ ਵਾਰ ਫਿਰ ਬਰਫ਼ ਦੀ ਚਿੱਟੀ ਚਾਦਰ ਨਾਲ ਢਕੀਆਂ ਗਈਆਂ। ਗੋਂਦਲਾ ’ਚ 8.5 ਸੈਂਟੀਮੀਟਰ, ਕੇਲਾਂਗ ’ਚ 2.6 ਸੈਂਟੀਮੀਟਰ, ਰੋਹਤਾਂਗ ਅਤੇ ਸਿਸੂ ’ਚ 3-3 ਸੈਂਟੀਮੀਟਰ ਤਾਜ਼ਾ ਬਰਫ਼ ਡਿੱਗੀ। ਉਥੇ ਹੀ ਚੰਬਾ ਦੇ ਡਲਹੌਜ਼ੀ ’ਚ ਬੀਤੇ 24 ਘੰਟਿਆਂ ’ਚ ਸਭ ਤੋਂ ਜ਼ਿਆਦਾ 81 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਸ਼ਿਮਲਾ ਨੇ ਅਲਰਟ ਜਾਰੀ ਕੀਤਾ ਹੈ। ਇਸ ਅਨੁਸਾਰ ਚੰਬਾ, ਕਾਂਗੜਾ, ਲਾਹੌਲ ਸਪਿਤੀ, ਕਨੌਰ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ’ਚ ਉਚੇ ਖੇਤਰਾਂ ’ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਬਰਫ਼ਬਾਰੀ ਕਾਰਨ ਕੇਲਾਂਗ ਦਾ ਤਾਪਮਾਨ ਫਿਰ ਤੋਂ ਮਨਫੀ ਹੋ ਗਿਆ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ, ਊਨਾ ਦਾ 11, ਮਨਾਲੀ ਦਾ 4.8, ਸੋਲਨ 9.5 ਤੇ ਡਲਹੌਜ਼ੀ ਦਾ 2.9 ਡਿਗਰੀ ਤੱਕ ਤਾਪਮਾਨ ਡਿੱਗ ਗਿਆ।