ਝਬਾਲ/ਸਰਾਏ ਅਮਾਨਤ ਖਾਂ (ਮੱਖਣ ਮਨੋਜ)
ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੀ ਕਾਰਜਕਾਰਨੀ ਤੇ ਕੌਂਸਲ ਦੀ ਮੀਟਿੰਗ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨ ਤਾਰਨ ਵਿਖੇ ਰਜਿੰਦਰ ਪਾਲ ਕੌਰ ਤੇ ਤਾਰਾ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਦੱਸਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸੋਚ ਆਧਾਰਤ ਹਿੰਦੁਸਤਾਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਵਾਲੀ ਨੀਤੀ ’ਤੇ ਚੱਲ ਰਹੀ ਹੈ। ਮੋਦੀ ਦੀ ਇਸ ਨੀਤੀ ਦੇ ਪਾਜ ਉਧੇੜਣ ਵਾਸਤੇ ਸੀ ਪੀ ਆਈ 15 ਅਪ੍ਰੈਲ ਤੋਂ 15 ਮਈ ਤੱਕ ਦੇਸ਼ ਭਰ ਵਿੱਚ ਪਦ ਯਾਤਰਾ ਕਰੇਗੀ। ਪਦ ਯਾਤਰਾ ਬਾਰੇ ਬੋਲਦਿਆਂ ਸੀ ਪੀ ਆਈ ਦੇ ਸੀਨੀਅਰ ਆਗੂ ਹਰਭਜਨ ਸਿੰਘ ਤੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਉਕਤ ਫੈਸਲਾ ਕੌਮੀ ਕੌਂਸਲ ਦੀ ਪੁਡੂਚੇਰੀ ਮੀਟਿੰਗ ਵਿੱਚ ਹੋਇਆ। ਮੋਦੀ ਸਰਕਾਰ ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ, ਲਾਇਲਾਜ ਤੇ ਛੱਤਾਂ ਰਹਿਤ ਵਸਦੇ ਲੋਕਾਂ ਦੇ ਮਸਲੇ ਲੁਕਾਉਣ ਵਾਸਤੇ ਦੇਸ਼ ਦੀ ਜਨਤਾ ਨੂੰ ਭਰਾ-ਮਾਰੂ ਜੰਗ ਵਿੱਚ ਧਕੇਲ ਰਹੀ ਹੈ। ਫਾਸ਼ੀਵਾਦ ਫਿਰਕੂ ਜ਼ਹਿਰ ਦਾ ਅੰਤਲਾ ਪੜਾਅ ਹੈ। ਮੋਦੀ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦਾ ਰਾਜ ਕਾਇਮ ਕਰਨਾ ਚਾਹੁੰਦਾ ਹੈ। ਇਸ ਰਾਜ ਵਿੱਚ ਜਮਹੂਰੀਅਤ ਦਾ ਕਤਲ ਹੁੰਦਾ ਹੈ। ਜਿਹੜੇ ਵੀ ਸੁਹਿਰਦ ਕਾਲਮ ਨਵੀਸ, ਬੁੱਧੀਜੀਵੀ ਤੇ ਸਮਾਜਿਕ ਆਗੂ ਨੇ ਮੋਦੀ ਦੀ ਇਸ ਜ਼ਾਲਮ ਨੀਤੀ ਵਿਰੁੱਧ ਆਵਾਜ਼ ਉਠਾਈ ਹੈ ਜਾਂ ਉਠਾਉਂਦੇ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਜਮਹੂਰੀਅਤ ਵਿੱਚ ਯਕੀਨ ਰੱਖਦੀਆਂ ਧਿਰਾਂ ਨੇ ਜੇ ਮੋਦੀ ਦੀ ਫਾਸ਼ੀਵਾਦੀ ਨੀਤੀ ਜੱਗ-ਜ਼ਾਹਰ ਨਾ ਕੀਤੀ ਤਾਂ ਇਹ ਦੇਸ਼ ਦੀ ਸਧਾਰਨ ਜਨਤਾ ਨਾਲ ਗਦਾਰੀ ਹੋਵੇਗੀ। ਦੇਸ਼ ਦੇ ਹਾਲਾਤ ਇਹ ਹਨ ਕਿ ਗਿਣਤੀ ਦੇ ਘਰਾਣੇ ਦੇਸ਼ ਦੀ ਦੌਲਤ ’ਤੇ ਕਾਬਜ਼ ਹੋ ਗਏ ਹਨ। ਉਨ੍ਹਾਂ ਮਿਹਨਤਕਸ਼ਾਂ ਦੀ ਕਮਾਈ ਨੂੰ ਲੁੱਟ-ਲੁੱਟ ਕੇ ਆਪਣੀਆਂ ਤਿਜੌਰੀਆਂ ਨੱਕੋ-ਨੱਕ ਭਰ ਲਈਆਂ ਹਨ। ਹੁਣ ਇਹ ਕਾਰਪੋਰੇਟ ਘਰਾਣੇ ਆਪਣੇ ਹਥਿਆਰਾਂ ਦੇ ਜਖੀਰੇ ਵੇਚਣ ਵਾਸਤੇ ਇੱਕ ਧਰਮ ਨੂੰ ਦੂਜੇ ਧਰਮ, ਇੱਕ ਜਾਤ ਨੂੰ ਦੂਜੀ ਜਾਤ ਤੇ ਇੱਕ ਇਲਾਕੇ ਨੂੰ ਦੂਜੇ ਇਲਾਕੇ ਨੂੰ ਲੜਾਉਣ ’ਤੇ ਤੁਲੇ ਹੋਏ ਹਨ। ਇਨ੍ਹਾਂ ਕਾਰਪੋਰੇਟਾਂ ਦੀ ਪੁਸ਼ਤਪਨਾਹੀ ਮੋਦੀ ਕਰ ਰਿਹਾ ਹੈ। ਮੋਦੀ ਨੂੰ ਕਾਰਪੋਰੇਟਾਂ ਨੇ ਯਕੀਨ ਦਿਵਾਇਆ ਹੋਇਆ ਹੈ ਕਿ ਅਸੀਂ 2024 ਦੀਆਂ ਪਾਰਲੀਮੈਂਟ ਚੋਣਾਂ ਪੈਸੇ ਤੇ ਹਿੱਕ ਦੇ ਜ਼ੋਰ ਨਾਲ ਜਿਤਾਵਾਂਗੇ।
ਆਗੂਆਂ ਕਿਹਾ ਕਿ ਮੋਦੀ ਦੀ ਇਸ ਫਾਸ਼ੀਵਾਦੀ ਨੀਤੀ ਨੂੰ ਤਾਂ ਹੀ ਹਰਾਇਆ ਜਾ ਸਕਦਾ ਹੈ, ਜੇ ਸਮੂਹ ਲੋਕਾਂ ਦੀ ਲੜਾਈ ਲੜੀ ਜਾਵੇ। ਸਮੂਹਿਕ ਲੜਾਈ ਖੁਰਾਕ, ਘਰ, ਵਿਦਿਆ ਤੇ ਸਿਹਤ ਦੀ ਹੈ। ਇਨ੍ਹਾਂ ਚੀਜ਼ਾਂ ਦੀ ਘਾਟ ਦੇਸ਼ ਦੀ ਨੱਬੇ ਫੀਸਦੀ ਵਸੋਂ ਦੀ ਹੈ। ਇਸੇ ਘਾਟ ਕਰਕੇ ਹੀ ਪੰਜਾਬ ਦੀ ਜਵਾਨੀ ਛੱਲੀ-ਪੂਣੀ ਵੇਚ ਕੇ ਵਿਦੇਸ਼ਾਂ ਨੂੰ ਦੌੜਦੀ ਜਾ ਰਹੀ ਹੈ, ਜਦੋਂ ਕਿ ਕਾਰਪੋਰੇਸ਼ਨਾਂ ਹਿੰਦੁਸਤਾਨ ਦੀ ਧਰਤੀ, ਜੋ ਸੋਨਾ ਉਗਾਉਂਦੀ ਹੈ, ਉਸ ਨੂੰ ਹੜੱਪਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਸ ਤੋਂ ਸਾਫ ਜ਼ਾਹਰ ਹੈ ਕਿ ਸਾਡੇ ਰੁਜ਼ਗਾਰ ਭਾਵ ਕਿਰਤ ਦੀ ਕੋਈ ਘਾਟ ਨਹੀਂ, ਹਰ ਇੱਕ ਨੂੰ ਸਭ ਕੁਝ ਮਿਲ ਸਕਦਾ ਹੈ, ਬਸ ਲੋੜ ਜਥੇਬੰਦ ਹੋ ਕੇ ਦੇਸ਼ ਦੀ ਵਾਗਡੋਰ ਸੰਭਾਲਣ ਦੀ।
ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਵੱਲੋਂ ਆਪਣੇ ਕਾਡਰ ਨੂੰ ਪਦ ਯਾਤਰਾ ਦਾ ਮਕਸਦ ਸਮਝਾਉਣ ਤੇ ਤਿਆਰੀ ਵਾਸਤੇ 15 ਅਪ੍ਰੈਲ ਨੂੰ ਜਨਰਲ ਬਾਡੀ ਮੀਟਿੰਗ ਕਰ ਰਹੀ ਹੈ। ਇਸ ਮੀਟਿੰਗ ਵਿੱਚ ਪਾਰਟੀ ਮੈਂਬਰਾਂ ਤੋਂ ਇਲਾਵਾ ਪਾਰਟੀ ਹਮਦਰਦ ਵੀ ਸੱਦੇ ਗਏ ਹਨ, ਜਿਨ੍ਹਾਂ ਦੀ ਗਿਣਤੀ 1000 ਤੋਂ ਉੱਪਰ ਹੈ। ਸ਼ਹਿਰ ਵਿੱਚ ਅਜੋਕੇ ਹਾਲਾਤ ਦੇ ਮੱਦੇਨਜ਼ਰ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਜਾਵੇਗਾ।