ਬਠਿੰਡਾ : ਪੰਜਾਬ ‘ਚ ਪਿਛਲੇ ਦਿਨਾਂ ‘ਚ ਪਏ ਭਾਰੀ ਮੀਂਹ ਅਤੇ ਝੱਖੜ ਨਾਲ ਫਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਾਰਜਕਾਰਨੀ ਦੀ ਐਮਰਜੈਂਸੀ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਤੋਂ ਇਲਾਵਾ ਲਖਬੀਰ ਸਿੰਘ ਨਿਜ਼ਾਮਪੁਰ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲਾ, ਹਰਦੇਵ ਸਿੰਘ ਬਖਸ਼ੀਵਾਲਾ, ਗੁਲਜ਼ਾਰ ਸਿੰਘ ਗੁਰਦਾਸਪੁਰ, ਕਸ਼ਮੀਰ ਸਿੰਘ ਫਿਰੋਜ਼ਪੁਰ ਤੇ ਸੁਰਿੰਦਰ ਸਿੰਘ ਢੰਡੀਆਂ ਵੀ ਸ਼ਾਮਲ ਹੋਏ | ਸਾਥੀਆਂ ਵੱਲੋਂ ਇਸ ਗੱਲ ‘ਤੇ ਦੁੱਖ ਜ਼ਾਹਰ ਕੀਤਾ ਗਿਆ ਕਿ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ ਪੰਜਾਬ ਤੇ ਦੇਸ਼ ਦੇ ਕਈ ਰਾਜਾਂ ‘ਚ ਕਣਕ, ਸਰ੍ਹੋਂ, ਚਾਰਾ, ਸਬਜ਼ੀਆਂ ਤੇ ਨਵੀਂ ਬੀਜੀ ਮੂੰਗੀ ਤੇ ਮੱਕੀ ਆਦਿ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਦੱਸਿਆ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਜੋ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਮੁੱਖ ਮੰਤਰੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਹਨ, ਉਹ ਜਲਦੀ ਸ਼ੁਰੂ ਕੀਤੀ ਜਾਵੇ | ਫਸਲਾਂ ਦੇ ਹੋਏ ਨੁਕਸਾਨ ਲਈ ਏਕੜ ਨੂੰ ਇਕਾਈ ਮੰਨ ਕੇ 50 ਫੀਸਦੀ ਨੁਕਸਾਨ ਲਈ ਤੀਹ ਹਜ਼ਾਰ ਅਤੇ 50 ਫੀਸਦੀ ਤੋਂ ਉਪਰ ਨੁਕਸਾਨ ਲਈ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਝੱਖੜ ‘ਚ ਢਹਿ ਗਏ ਘਰਾਂ ਤੇ ਬਾਗਾਂ ਦਾ ਉਨ੍ਹਾਂ ਦੀ ਪੂਰੀ ਕੀਮਤ ਅਨੁਸਾਰ ਮੁਆਵਜ਼ਾ ਜਾਰੀ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਹਰ ਸਾਲ ਵਾਰ-ਵਾਰ ਆਉਂਦੀਆਂ ਕੁਦਰਤੀ ਆਫ਼ਤਾਂ, ਫਸਲੀ ਮਹਾਂਮਾਰੀਆਂ, ਨਕਲੀ ਬੀਜਾਂ ਤੇ ਦਵਾਈਆਂ ਆਦਿ ਤੋਂ ਕਿਸਾਨਾਂ ਦੇ ਵਾਰ-ਵਾਰ ਹੁੰਦੇ ਭਾਰੀ ਨੁਕਸਾਨ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਪੱਕੀ ਫਸਲੀ ਬੀਮਾ ਸਕੀਮ ਬਣਾਵੇ, ਜਿਸ ਦਾ ਪ੍ਰੀਮੀਅਮ ਖਰਚਾ ਸਰਕਾਰ ਖੁਦ ਆਪਣੇ ਸਿਰ ਲਵੇ ਅਤੇ ਇਸ ਬੀਮਾ ਸਕੀਮ ਨੂੰ ਪੰਜਾਬ ਸਰਕਾਰ ਦੀ ਆ ਰਹੀ ਨਵੀਂ ਖੇਤੀ ਨੀਤੀ ‘ਚ ਸ਼ਾਮਲ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੇ ਦਿਨਾਂ ਦੌਰਾਨ ਤਿੱਖੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ |