ਮਨੁੱਖੀ ਜੀਵਨ ਨੂੰ ਸੁਖਾਲਾ ਬਣਾਉਣ ਤੇ ਕੁਦਰਤੀ ਆਫ਼ਤਾਂ ਦੇ ਮੁਕਾਬਲੇ ਲਈ ਮਨੁੱਖ ਨਵੀਂਆਂ ਤੋਂ ਨਵੀਂਆਂ ਖੋਜਾਂ ਕਰਦਾ ਰਿਹਾ ਹੈ। ਇਸ ਸਮੇਂ ਮਨੁੱਖੀ ਸਮਾਜ ਇੱਕ ਨਵੀਂ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸਮੁੱਚੇ ਸੰਸਾਰ ਦੇ ਸਾਮਰਾਜ ਦੀ ਜਕੜ ਵਿੱਚ ਆਉਣ ਤੋਂ ਬਾਅਦ ਖੋਜਾਂ ਮਨੁੱਖਾਂ ਦੀ ਥਾਂ ਪੂੰਜੀਵਾਦੀ ਲੋੜਾਂ ਨੂੰ ਪੂਰਾ ਕਰਨ ਦਾ ਜ਼ਰੀਆ ਬਣ ਗਈਆਂ ਹਨ।
ਪੂੰਜੀਵਾਦੀ ਵਿਚਾਰਧਾਰਾ ਵਿੱਚ ਕਿਰਤੀਆਂ ਦੀ ਉਜਰਤ, ਉਨ੍ਹਾਂ ਦੀਆਂ ਜੀਵਨ ਲੋੜਾਂ ਦੀ ਪੂਰਤੀ ਤੇ ਹੋਰ ਸਹੂਲਤਾਂ ਨੂੰ ਘਾਟੇ ਦਾ ਸੌਦਾ ਸਮਝਿਆ ਜਾਂਦਾ ਹੈ। ਇਸ ਲਈ ਮੌਜੂਦਾ ਪੂੰਜੀਵਾਦੀ ਯੁੱਗ ਵਿੱਚ ਨਵੀਂਆਂ ਖੋਜਾਂ ਕਿਰਤੀਆਂ ਦੀ ਲੋੜ ਨੂੰ ਖ਼ਤਮ ਕਰਨ ਜਾਂ ਉਨ੍ਹਾਂ ਦੀ ਨਿਗਰਾਨੀ ਕਰਨ ਦੀ ਦਿਸ਼ਾ ਵਿੱਚ ਹੋ ਰਹੀਆਂ ਹਨ। ਇਸ ਨਾਲ ਸਮਾਜਕ ਸਮੱਸਿਆਵਾਂ ਤਬਾਹੀ ਵਾਲਾ ਰੂਪ ਅਖਤਿਆਰ ਕਰਦੀਆਂ ਜਾ ਰਹੀਆਂ ਹਨ। ਇਸ ਸਮੇਂ ਜਲਵਾਯੂ ਤਬਦੀਲੀ, ਹਵਾ ਪ੍ਰਦੂਸ਼ਣ, ਸਿਹਤ ਸੰਬੰਧੀ ਸਮੱਸਿਆਵਾਂ ਤੇ ਸਮਾਜਕ ਵਿਕਾਸ ਦੇ ਮੁੱਦੇ ਸਮੁੱਚੇ ਸੰਸਾਰ ਨੂੰ ਪ੍ਰਭਾਵਤ ਕਰ ਰਹੇ ਹਨ, ਪਰ ਵਿਗਿਆਨਕ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਖੋਜਾਂ ਕਰਨ ਵਿੱਚ ਰੁਚੀ ਨਹੀਂ ਲੈ ਰਹੇ।
ਪ੍ਰਸਿੱਧ ਸਾਇੰਸ ਮੈਗਜ਼ੀਨ ‘ਨੇਚਰ’ ਵਿੱਚ ਯੂਨੀਵਰਸਿਟੀ ਆਫ਼ ਮਿਨੇਸੋਟਾ ਦੇ ਵਿਗਿਆਨਕਾਂ ਵੱਲੋਂ ਕੀਤਾ ਗਿਆ ਇੱਕ ਅਧਿਐਨ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਅਧਿਐਨ ਅਨੁਸਾਰ ਅੱਜ ਦੇ ਦੌਰ ਵਿੱਚ ਵਿਗਿਆਨ ਦੇ ਸਾਰੇ ਖੇਤਰਾਂ ਵਿੱਚ ਸ਼ੋਧ ਪੱਤਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਪਰ ਅਫ਼ਸੋਸ ਕਿ ਵਿਗਿਆਨ ਤੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੀਆਂ ਖੋਜਾਂ ਵਿੱਚ ਤੇਜ਼ੀ ਨਾਲ ਕਮੀ ਆਈ ਹੈ। ਇਸ ਅਧਿਐਨ ਅਨੁਸਾਰ ਸਮਾਜ ਦੀ ਦਿਸ਼ਾ ਬਦਲਣ ਵਿੱਚ ਸਮਰੱਥ ਖੋਜਾਂ ਦੀ ਗਿਣਤੀ ਸਮਾਜ ਵਿਗਿਆਨ ਖੇਤਰ ਅੰਦਰ 91.9 ਫ਼ੀਸਦੀ ਘੱਟ ਹੋ ਗਈ ਹੈ। ਭੌਤਿਕ ਸ਼ਾਸਤਰ ਦੇ ਖੇਤਰ ਵਿੱਚ ਇਹ ਹੋਰ ਵੀ ਘਟ ਗਈ ਹੈ। ਖੋਜਾਂ ਦੀ ਗਿਰਾਵਟ ਦਾ ਅਸਰ ਸ਼ੋਧ ਪੱਤਰਾਂ ਦੀ ਭਾਸ਼ਾ ਵਿੱਚ ਵੀ ਦਿਖਾਈ ਦਿੰਦਾ ਹੈ। ਹੁਣ ਸ਼ੋਧ ਪੱਤਰਾਂ ਵਿੱਚ ‘ਬਣਾਉਣਾ’ ਤੇ ‘ਉਤਪਾਦਨ ਕਰਨਾ’ ਦੀ ਥਾਂ ‘ਸੁਧਾਰਨਾ’ ਤੇ ‘ਬਦਲਣਾ’ ਵਰਗੇ ਸ਼ਬਦਾਂ ਨੇ ਲੈ ਲਈ ਹੈ। ਇਸ ਤੋਂ ਸਪੱਸ਼ਟ ਹੈ ਕਿ ਵਿਗਿਆਨਕਾਂ ਵੱਲੋਂ ਕੀਤੀਆਂ ਜਾਂਦੀਆਂ ਖੋਜਾਂ ਹੁਣ ਨਵੀਂਆਂ ਨਹੀਂ, ਸਗੋਂ ਪਹਿਲੀਆਂ ਖੋਜਾਂ ਵਿੱਚ ਸੁਧਾਰ ਜਾਂ ਤਬਦੀਲੀ ਕਰਨ ਨਾਲ ਸੰਬੰਧਤ ਹੁੰਦੀਆਂ ਹਨ। ਇਹ ਅਧਿਐਨ ਵਿਗਿਆਨਕਾਂ ਨੇ 1945 ਤੋਂ 2010 ਵਿਚਕਾਰ ਸਾਰੇ ਖੇਤਰਾਂ ਦੇ 4.5 ਕਰੋੜ ਸ਼ੋਧ ਪੱਤਰਾਂ ਨੂੰ ਖੰਗਾਲ ਕੇ ਕੀਤਾ ਹੈ।
ਵਿਗਿਆਨ ਵਿੱਚ ਨਵੀਆਂ ਖੋਜਾਂ ਨਾ ਹੋਣ ਕਾਰਨ ਪੂਰੀ ਦੁਨੀਆ ਪ੍ਰਭਾਵਤ ਹੋ ਰਹੀ ਹੈ। ਪਿਛਲੇ 15 ਸਾਲਾਂ ਦੌਰਾਨ ਵਿਸ਼ਵ ਪੱਧਰ ’ਤੇ ਅਰਥ-ਵਿਵਸਥਾ ਦੀ ਵਾਧਾ ਦਰ ਇਸ ਤੋਂ ਪਹਿਲੇ 15 ਸਾਲਾਂ ਨਾਲੋਂ ਅੱਧੀ ਰਹਿ ਗਈ ਹੈ। ਇਸ ਦੇ ਬਾਵਜੂਦ ਪੂੰਜੀਪਤੀਆਂ ਦੀ ਜਾਇਦਾਦ ਵਧ ਰਹੀ ਹੈ ਤੇ ਨਾਲ ਦੀ ਨਾਲ ਗਰੀਬਾਂ ਦੀ ਗਿਣਤੀ ਵੀ ਵਧ ਰਹੀ ਹੈ। ਇਸ ਨੇ ਅਮੀਰ ਗਰੀਬ ਦਾ ਪਾੜਾ ਸਿਖਰ ’ਤੇ ਪੁਚਾ ਦਿੱਤਾ ਹੈ। ਇਹ ਗੈਰਬਰਾਬਰੀ ਅਮੀਰ ਸਨਅਤੀ ਦੇਸ਼ਾਂ ਵਿੱਚ ਵੀ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ।
ਸਮਾਜ ਮੁਖੀ ਵਿਗਿਆਨਕ ਖੋਜਾਂ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਸੰਸਥਾਵਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਹੈ। ਇਸ ਸਮੇਂ ਸਰਕਾਰਾਂ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਹੋ ਚੁੱਕੀਆਂ ਹਨ ਤੇ ਪੂੰਜੀਪਤੀਆਂ ਨੇ ਇਨ੍ਹਾਂ ਨੂੰ ਹੜੱਪ ਲਿਆ ਹੈ। ਪੂੰਜੀਪਤੀ ਦਾ ਤਾਂ ਧਰਮ ਹੀ ਮੁਨਾਫ਼ਾ ਕਮਾਉਣਾ ਹੁੰਦਾ ਹੈ। ਪੂੰਜੀਪਤੀ ਉੱਥੇ ਹੀ ਨਿਵੇਸ਼ ਕਰਦਾ ਹੈ, ਜਿੱਥੋਂ ਉਸ ਨੂੰ ਫਾਇਦਾ ਪਹੁੰਚੇ। ਪੂੰਜੀਵਾਦ ਨੂੰ ਜਨਤਾ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਸੇ ਕਾਰਨ ਹੀ ਅੱਜ ਵਿਗਿਆਨਕ ਸੰਸਥਾਵਾਂ ਦਾ ਕੰਮ ਸਿਰਫ਼ ਪੂੰਜੀਵਾਦ ਦੇ ਲਾਭ ਤੱਕ ਸਿਮਟ ਕੇ ਰਹਿ ਗਿਆ ਹੈ।





