ਜਲੰਧਰ (ਕੇਸਰ)
ਉੱਘੇ ਦੇਸ਼ ਭਗਤ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦੇ ਜਨਮ ਦਿਨ ਨੂੰ ਸਮਰਪਤ ਸਮਾਗਮ ਉਨ੍ਹਾ ਦੇ ਜਨਮ ਦਿਨ ’ਤੇ 2 ਅਪ੍ਰੈਲ ਨੂੰ ਉਨ੍ਹਾ ਦੇ ਜੱਦੀ ਘਰ, ਜਿਸ ਨੂੰ ਹੁਣ ‘ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰ ਹਾਲ’ ਬਿਲਗਾ (ਜਲੰਧਰ) ਦਾ ਰੂਪ ਦਿੱਤਾ ਗਿਆ, ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅਵਸਰ ’ਤੇ ਦੇਸ਼ ਭਗਤ ਯਾਦਗਾਰ ਕਮੇਟੀ (ਜਲੰਧਰ) ਦੇ ਅਹੁਦੇਦਾਰ ਤੇ ਮੈਂਬਰਾਨ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਬਾਡੀ ਦੇ ਮੈਂਬਰ ਤੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਯਾਦਗਾਰ ਕਮੇਟੀ ਬਿਲਗਾ ਜਲੰਧਰ ਦੇ ਪ੍ਰਧਾਨ ਕੁਲਬੀਰ ਸਿੰਘ ਸੰਘੇੜਾ ਨੇ ਦੱਸਿਆ ਕਿ 2 ਅਪ੍ਰੈਲ ਨੂੰ ਸਵੇਰੇ 10 ਵਜੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਬਰਮਿੰਘਮ (ਯੂ ਕੇ) ਦੇ ਆਗੂ ਜਸਬੀਰ ਸਿੰਘ ਸ਼ੀਰਾ ਜੌਹਲ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਉਪਰੰਤ ਸਮਾਗਮ ਵਿੱਚ ਅਜਮੇਰ ਸਿੰਘ ਸਮਰਾ ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਅਮੋਲਕ ਸਿੰਘ, ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ ਅੱੈਮ ਪੀ ਆਈ ਸਮੇਤ ਅਗਾਂਹਵਧੂ ਜਥੇਬੰਦੀਆਂ ਦੇ ਆਗੂ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਾਬਾ ਬਿਲਗਾ ਨੂੰ ਯਾਦ ਕਰਨਗੇ।