ਸ਼ਾਹਕੋਟ (ਗਿਆਨ ਸੈਦਪੁਰੀ)
ਮਨਪ੍ਰੀਤ ਸਿੰਘ ਬਾਦਲ ਸੋਮਵਾਰ ਨੂੰ ਸ਼ਾਹਕੋਟ ਪਧਾਰੇ। ਉਹ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਚੋਣ ਇੰਚਾਰਜ ਦੀ ਹੈਸੀਅਤ ਵਿੱਚ ਭਾਜਪਾ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਆਏ। ਆਏ ਤਾਂ ਉਹ 3-4 ਵਾਰ ਪਹਿਲਾਂ ਵੀ, ਪਰ ਇਸ ਵਾਰ ਦੀ ਫੇਰੀ ਨਾਲ ਕਈ ਲੋਕਾਂ ਨੇ ਚੁਟਕੀਆਂ ਲਾਈਆਂ। ਕਈਆਂ ਨੇ ਸਿਆਸੀ ਆਗੂਆਂ ਦੇ ਪਾਰਟੀਆਂ ਬਦਲਣ ਦੇ ਥੋਕ ਵਰਤਾਰੇ ਦੇ ਹਵਾਲੇ ਨਾਲ ਗਿਰਗਿਟ ਨੂੰ ‘ਵਿਚਾਰੀ’ ਜਿਹੀ ਦੱਸਦਿਆਂ ਰੰਗ ਬਦਲਣ ਵਿੱਚ ਆਗੂਆਂ ਨਾਲੋ ਪਿੱਛੇ ਰਹਿ ਗਈ ਦੱਸਿਆ। ਕਹਾਣੀਕਾਰ ਅਤਰਜੀਤ ਨੂੰ ਵੀ ਕਈਆਂ ਨੇ ਚੇਤੇ ਕੀਤਾ ਹੈ। ਉਨ੍ਹਾ ਆਪਣੇ ਇੱਕ ਕਹਾਣੀ ਸੰਗ੍ਰਹਿ ਦਾ ਨਾਂਅ ‘ਨਸਲ ਦੀਆਂ ਖੁੰਬਾਂ’ ਰੱਖਿਆ ਸੀ। ਸਿਆਸਤਦਾਨ ਵੀ ‘ਥਾਵਾਂ’ ਬਦਲ ਕੇ ਖੁੰਬਾਂ ਵਾਂਗ ਉੱਗ ਆਉਂਦੇ ਹਨ।
ਖੈਰ, ਆਲਮੀ ਪੱਧਰ ਦੇ ਸ਼ਾਇਰ ਅਲਾਮਾ ਇਕਬਾਲ ਦੀ ਸ਼ਾਇਰੀ ਦੇ ਰੰਗ ਵਿੱਚ ਰੰਗੇ ਹੋਏ ਤੇ ਹਮੇਸਾ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੂਜੀ ਵਾਰ ਸ਼ਾਹਕੋਟ ਵਿੱਚ ਸ਼ਾਇਦ 2012 ਵਿੱਚ ਆਏ ਸਨ। ਓਦੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸਨ। ਸ਼ਾਹਕੋਟ ਵਿੱਚ ਪਹਿਲੀ ਵਾਰ ਉਹ ਅਕਾਲੀ ਦਲ (ਬਾਦਲ) ਦੇ ਆਗੂ ਵਜੋਂ ਪਧਾਰੇ ਸਨ। ਪੀ ਪੀ ਪੀ. ਦੇ ਪ੍ਰਧਾਨ ਹੁੰਦਿਆਂ ਜਦੋਂ ਸ਼ਾਹਕੋਟ ਆਏ ਸਨ ਤਾਂ ਉਨ੍ਹਾ ਨਿਜ਼ਾਮ ਬਦਲਣ ਦਾ ਭਾਵੁਕ ਹੋਕਾ ਦਿੱਤਾ ਸੀ ਸ਼ਾਹਕੋਟੀਆਂ ਨੂੰ। ਪੀ ਪੀ ਪੀ 27 ਮਾਰਚ 2011 ਨੂੰ ਸਥਾਪਤ ਕੀਤੀ ਗਈ ਸੀ। ਨਿਜ਼ਾਮ ਬਦਲ ਦੇਣ ਦੀ ਸੱਧਰ ਪੂਰੀ ਨਾ ਹੋ ਸਕੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪਲੇਟਫਾਰਮ ਤੋ। ਮਨਪ੍ਰੀਤ ਸਿੰਘ ਬਾਦਲ ਹੁਰਾਂ ਨੇ ਜਨਵਰੀ 2016 ਵਿੱਚ ‘ਪੰਜਾਬ ਦੇ ਲੋਕਾਂ’ ਦੀ ਪਾਰਟੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ।
ਜਦੋਂ ਉਹ ਤੀਜੀ ਵਾਰ ਸ਼ਾਹਕੋਟ ਆਏ ਤਾਂ ਉਹ ਕਾਂਗਰਸੀ ਸਨ। ਉਸ ਵੇਲੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਵੇਲਾ ਸੀ। ਉਨ੍ਹਾ ਅਕਾਲੀ ਦਲ ਅਤੇ ਭਾਜਪਾ ਵਿਰੁੱਧ ਬੜਾ ਅਸਰਦਾਇਕ ਪ੍ਰਚਾਰ ਕੀਤਾ ਸੀ। ਸ਼ਾਹਕੋਟ ਦਾ ਕੋਈ ਬਸਰ ਉਨ੍ਹਾ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਪ੍ਰਭਾਵ ਕਬੂਲਣੋਂ ਨਾ ਰਹਿ ਸਕਿਆ।
ਸ਼ਾਹਕੋਟ ਵਿੱਚ ਚੌਥੀ ਫੇਰੀ ਵੇਲੇ ਵੀ ਮੌਕਾ ਜ਼ਿਮਨੀ ਚੋਣ ਦਾ ਹੈ। ਜਲੰਧਰ ਸੀਟ ਦੀ ਜ਼ਿਮਨੀ ਚੋਣ 10 ਮਈ ਨੂੰ ਹੋਣ ਜਾ ਰਹੀ ਹੈ। ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਵਜੋਂ ਸ਼ਾਹਕੋਟ ਆਏ ਹਨ।
ਇਤਫਾਕ ਦੀ ਗੱਲ ਹੈ ਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਵੀ ਸ਼ਾਹਕੋਟ ਆਏ, ਹਰ ਵਾਰ ਸ਼ਾਹਕੋਟੀਆਂ ਨੇ ਉਨ੍ਹਾ ਨੂੰ ਸਿਆਸਤ ਦੇ ਵੱਖਰੇ ਰੰਗ ਵਿੱਚ ਹੀ ਵੇਖਿਆ।





