ਚੰਡੀਗੜ੍ਹ (ਗੁਰਜੀਤ ਬਿੱਲਾ)
ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਜਨਤਕ ਮੁਹਿੰਮ ਪੈਦਾ ਕਰਨ ਦੇ ਉਦੇਸ਼ ਨਾਲ ਦਿੱਲੀ ਤੋਂ ਬਾਅਦ ਪੰਜਾਬ ’ਚ ਵੀ ‘ਸੀ ਐੱਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਹੋ ਰਹੀ ਹੈ।
ਇਕ ਵੀਡੀਓ ਸੰਦੇਸ਼ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਭਾਰਤ ਦੀਆਂ ਸ਼ਾਨਦਾਰ ਪ੍ਰਾਚੀਨ ਰਵਾਇਤਾਂ ਦੇ ਸੁਮੇਲ ਨਾਲ ਇਹ ਯੋਗਸ਼ਾਲਾਵਾਂ ਸਰੀਰਕ ਤੇ ਮਾਨਸਕ ਤੌਰ ਉਤੇ ਪੰਜਾਬੀਆਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ੍ਹਾ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਇਸ ਦੀ ਸ਼ੁਰੂਆਤ ਅੰਮਿ੍ਰਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਦੇ ਸ਼ਹਿਰਾਂ ਤੋਂ ਕੀਤੀ ਜਾਵੇਗੀ, ਜਿੱਥੇ ਸਿਖਲਾਈ ਯਾਫਤਾ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਵਿਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦੇਣਗੇ। ਉਹਨਾ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਹਤਮੰਦ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਵੱਧ ਤੋਂ ਵੱਧ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ।
ਯੋਗ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਮਜ਼ਬੂਤ ਰੱਖਦਾ ਹੈ। ਉਹ ਖੁਦ ਰੋਜ਼ਾਨਾ ਸਵੇਰੇ ਯੋਗਾ ਕਰਦੇ ਹਨ। ਉਨ੍ਹਾ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਹਿੱਸਾ ਬਣਾਉਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ‘ਸੀ ਐੱਮ ਦੀ ਯੋਗਸ਼ਾਲਾ’ ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਨਾ ਸਿਰਫ ਚੰਗੀ ਸਿਹਤ, ਸਗੋਂ ਲੋਕਾਂ ਨੂੰ ਤਣਾਅ ਮੁਕਤ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂ ਜੋ ਰੋਜ਼ਾਨਾ ਜੀਵਨ ਵਿਚ ਅਨੇਕਾਂ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾ ਕਿਹਾ ਕਿ ਲੋਕਾਂ ਉਤੇ ਵਧ ਰਿਹਾ ਤਣਾਅ ਸਾਡੇ ਸਾਰਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਯੋਗਾ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਚੰਗਾ ਜੀਵਨ ਬਤੀਤ ਕਰਨ ਲਈ ਮਾਨਸਕ ਤੇ ਸਰੀਰਕ ਤੌਰ ਉਤੇ ਸੰਤੁਲਨ ਕਾਇਮ ਰੱਖਣਾ ਮਹੱਤਵਪੂਰਨ ਹੈ ਅਤੇ ਜੀਵਨ ਜਾਚ ਵਿਚ ਕੁਝ ਤਬਦੀਲੀਆਂ ਲਿਆਉਣ ਅਤੇ ਯੋਗਾ ਰਾਹੀਂ ਇਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ‘ਸੀ ਐੱਮ ਯੋਗਸ਼ਾਲਾ’ ਮੁਹਿੰਮ ਹਰੇਕ ਪੰਜਾਬੀ ਲਈ ਤੰਦਰੁਸਤ ਤੇ ਮਿਆਰੀ ਜੀਵਨ ਨੂੰ ਯਕੀਨੀ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਦੀ ਸ਼ੁਰੂਆਤ ਹੈ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਇਹ ਯੋਗਸ਼ਾਲਾਵਾਂ ਸਿਹਤਮੰਦ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਵਿਚ ਕਾਰਗਰ ਰੋਲ ਅਦਾ ਕਰਨਗੀਆਂ। ਉਹ ਦਿਨ ਦੂਰ ਨਹੀਂ ਜਦੋਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਦੇ ਬਿਹਤਰ ਜੀਵਨ ਨੂੰ ਯਕੀਨੀ ਬਣਾਉਣ ਲਈ ਸਹਾਈ ਸਿੱਧ ਹੋਣਗੀਆਂ।





