ਚੰਡੀਗੜ੍ਹ (ਗੁਰਜੀਤ ਬਿੱਲਾ)
ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ ਹੋਣ ਦੇ ਮੰਤਵ ਨਾਲ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕੀਤਾ ਹੈ।ਇਸ ਦੌਰੇ ਦੀ ਸ਼ੁਰੂਆਤ ਮੰਗਲਵਾਰ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਅਤੇ ਇਹ ਪੂਰੇ ਅਪ੍ਰੈਲ ਮਹੀਨੇ ਦੌਰਾਨ ਜਾਰੀ ਰਹੇਗਾ। ਉਹਨਾ ਆਪਣੇ ਇਸ ਦੌਰੇ ਦੀ ਸ਼ੁਰੂਆਤ 4 ਅਪ੍ਰੈਲ ਨੂੰ ਫਾਜ਼ਿਲਕਾ ਤੋਂ ਕੀਤੀ ਅਤੇ 5 ਅਪ੍ਰੈਲ ਨੂੰ ਫਿਰੋਜ਼ਪੁਰ, 6 ਅਪ੍ਰੈਲ ਨੂੰ ਰੋਪੜ ਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮਿ੍ਰਤਸਰ, 12 ਅਤੇ 13 ਅਪ੍ਰੈਲ ਨੂੰ ਤਰਨ ਤਾਰਨ, ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਾਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ, 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।
ਇਸ ਦੌਰੇ ਦੌਰਾਨ ਹਰਜੋਤ ਸਿੰਘ ਬੈਂਸ ਨਵੇਂ ਦਾਖਲੇ, ਕਿਤਾਬਾਂ, ਵਰਦੀਆਂ, ਸਕੂਲਾਂ ਦੇ ਮੁਢਲੇ ਢਾਂਚੇ ਬਾਰੇ ਜਾਣਕਾਰੀ ਹਾਸਲ ਕਰਨਗੇ। ਦੌਰੇ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀ ਨੂੰ ਹੋਰ ਵਧੀਆ ਬਣਾਉਣ ਲਈ ਜ਼ਮੀਨੀ ਲੋੜਾਂ ਨੂੰ ਸਮਝ ਕੇ ਬਣਾਇਆ ਜਾ ਸਕਦਾ ਹੈ, ਜਿਸ ਲਈ ਚੰਡੀਗੜ੍ਹ ਦੇ ਦਫਤਰਾਂ ਵਿਚ ਬੈਠਣ ਦੀ ਥਾਂ ਇਹ ਦੌਰਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉੱਚ ਮਿਆਰਾਂ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ, ਜਿਸ ਦੀ ਪੂਰਤੀ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।



