ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਵਿੱਤੀ ਵਰ੍ਹੇ 2021-22 ਦੇ ਮੁਕਾਬਲੇ 2022-23 ਦੌਰਾਨ ਆਪਣੀ ਆਮਦਨ ’ਚ 661.51 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਲੰਘੇ ਵਿੱਤੀ ਵਰ੍ਹੇ ਦੌਰਾਨ ਵਿਭਾਗ ਨੂੰ ਆਪਣੇ ਤਿੰਨਾਂ ਵਿੰਗਾਂ ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ (ਐੱਸ ਟੀ ਸੀ), ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਅਤੇ ਪੰਜਾਬ ਰੋਡਵੇਜ਼/ ਪਨਬੱਸ ਤੋਂ 4139.59 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ, ਜੋ ਵਿੱਤੀ ਵਰ੍ਹੇ 2021-22 ਦੌਰਾਨ 3478.08 ਕਰੋੜ ਰੁਪਏ ਸੀ। ਆਮਦਨ ’ਚ ਇਹ ਵਾਧਾ 19.01 ਫੀਸਦੀ ਬਣਦਾ ਹੈ।
ਉਨ੍ਹਾ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਅਪ੍ਰੈਲ 2021 ਤੋਂ ਮਾਰਚ 2022 ਤੱਕ 2358.96 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਵਿੱਤੀ ਵਰ੍ਹੇ 2022-23 ਦੌਰਾਨ ਵਧ ਕੇ 2631.18 ਕਰੋੜ ਰੁਪਏ ਹੋ ਗਈ। 272.22 ਕਰੋੜ ਰੁਪਏ ਦਾ ਇਹ ਵਾਧਾ 11.53 ਫੀਸਦੀ ਬਣਦਾ ਹੈ। ਪੀ ਆਰ ਟੀ ਸੀ ਨੇ 2022-23 ਦੌਰਾਨ 235.49 ਕਰੋੜ ਰੁਪਏ ਦੇ ਵਾਧੇ ਨਾਲ 807.53 ਕਰੋੜ ਰੁਪਏ ਕਮਾਈ ਕੀਤੀ, ਜਦਕਿ ਅਪ੍ਰੈਲ 2021 ਤੋਂ ਮਾਰਚ 2022 ਤੱਕ ਇਹ ਆਮਦਨ 572.04 ਕਰੋੜ ਰੁਪਏ ਸੀ। ਇਹ ਵਾਧਾ 41.16 ਫੀਸਦੀ ਬਣਦਾ ਹੈ। ਅਪ੍ਰੈਲ 2021 ਤੋਂ ਮਾਰਚ 2022 ਤੱਕ ਪੰਜਾਬ ਰੋਡਵੇਜ਼/ ਪਨਬੱਸ ਨੇ 547.08 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਆਮਦਨ ਵਿੱਤੀ ਵਰ੍ਹੇ 2022-23 ਦੌਰਾਨ ਵਧ ਕੇ 700.88 ਕਰੋੜ ਰੁਪਏ ਹੋ ਗਈ। 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫੀਸਦੀ ਬਣਦਾ ਹੈ।



