ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ 6 ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਇੱਕ ਹੰਗਾਮੀ ਮੀਟਿੰਗ ਬੁੱਧਵਾਰ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਂ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਰਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਹਾਜ਼ਰ ਸਨ। ਮੀਟਿੰਗ ’ਚ ਵਰਕਰਾਂ ਦੇ ਸਾਲਾਂਬੱਧੀ ਸਮੇਂ ਤੋਂ ਬਕਾਇਆ ਰਹਿੰਦੇ 90 ਕਰੋੜ ਰੁਪਏ ਦੀ ਅਦਾਇਗੀ ਸੰਬੰਧੀ ਅਤੇ ਪੰਜਾਬ ਸਰਕਾਰ ਤੋਂ ਮੁਫਤ ਸਫਰ ਸਹੂਲਤਾਂ ਦੇ ਬਣਦੇ 300 ਕਰੋੜ ਰੁਪਏ ਵਿੱਚੋਂ ਸਿਰਫ 79 ਕਰੋੜ ਮਿਲਣ ਸੰਬੰਧੀ ਅਤੇ ਇਸ ਪੈਸੇ ਨੂੰ ਵਰਕਰਾਂ ਦੇ ਲਟਕਦੇ ਬਕਾਇਆਂ ਦੀ ਅਦਾਇਗੀ ਕਰਨ ਲਈ ਵਰਤੋਂ ਕਰਨਾ ਆਦਿ ਸੰਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਕਿਉਂਕਿ ਐਕਸ਼ਨ ਕਮੇਟੀ ਨੂੰ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਸੀ ਕਿ ਬਕਾਇਆਂ ਦੀ ਅਦਾਇਗੀ ਕਰਨ ਸੰਬੰਧੀ ਜਿਸ ਤਰ੍ਹਾਂ ਐੱਮ ਡੀ ਅਤੇ ਫਿਰ ਚੀਫ ਅਕਾਊਂਟ ਅਫਸਰ ਨਾਲ ਵਿਚਾਰ-ਵਟਾਂਦਰਾ ਹੋਇਆ ਸੀ, ਉਸ ਦੇ ਉਲਟ ਵਰਕਰਾਂ ਦੇ ਬਕਾਇਆਂ ਦੀ ਅੰਸ਼ਕ ਅਦਾਇਗੀ ਕਰਨ ਦਾ ਵਿਚਾਰ ਬਣਾਇਆ ਜਾ ਰਿਹਾ ਹੈ। ਜਿਹੜਾ ਕਿ ਵਰਕਰਾਂ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਹੋਵੇਗਾ। ਐਕਸ਼ਨ ਕਮੇਟੀ ਵੱਲੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮਿਤੀ ਇਕ ਜੁਲਾਈ 2021 ਤੋਂ 31 ਦਸੰਬਰ 2021 ਤੱਕ ਸੇਵਾ-ਮੁਕਤ ਅਤੇ ਮੌਜੂਦਾ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਦਾ ਬਕਾਇਆ ਪੂਰਾ ਦਿੱਤਾ ਜਾਣਾ ਚਾਹੀਦਾ ਹੈ। ਇਸ ਵਿੱਚ ਕਿਸੇ ਕਿਸਮ ਦੀ ਕਟੌਤੀ ਕਰਨਾ ਵਰਕਰਾਂ ਨਾਲ ਇੱਕ ਧੋਖਾ ਹੋਵੇਗਾ ਅਤੇ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੰਟਰੈਕਟ / ਆਊਟ ਸੋਰਸ ਵਰਕਰਾਂ ਦੀ ਤਨਖਾਹ ਵਿੱਚ ਡੀ ਏ ਦਾ ਵਾਧਾ ਜੋ ਲੇਟ ਲਾਗੂ ਕੀਤਾ ਸੀ, ਉਸ ਦਾ ਵੀ ਪੂਰਾ ਬਕਾਇਆ ਦਿੱਤਾ ਜਾਵੇ, ਸੇਵਾ-ਮੁਕਤ ਕਰਮਚਾਰੀਆਂ ਦੀਆਂ 31 ਦਸੰਬਰ 2022 ਤੱਕ ਦੀਆਂ ਸਾਰੀਆਂ ਅਦਾਇਗੀਆਂ ਕੀਤੀਆਂ ਜਾਣ ਅਤੇ ਮੈਡੀਕਲ ਬਿੱਲਾਂ ਦਾ ਪੂਰਾ ਭੁਗਤਾਨ ਕੀਤਾ ਜਾਵੇ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਤਰਕਸੰਗਤ ਤਰੀਕਾ ਅਪਣਾਏ ਤੋਂ ਬਿਨਾਂ ਪੈਸਾ ਮਨਮਰਜ਼ੀ ਨਾਲ ਵਰਤਿਆ ਗਿਆ ਤਾਂ ਸਖਤ ਵਿਰੋਧ ਕੀਤਾ ਜਾਵੇਗਾ। ਐਕਸ਼ਨ ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਚੀਫ ਅਕਾਊਂਟਸ ਅਫਸਰ ਵੱਲੋਂ ਵਰਕਰਾਂ ਵਿਰੋਧੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਐਕਸ਼ਨ ਕਮੇਟੀ ਚੇਅਰਮੈਨ ਪੀ ਆਰ ਟੀ ਸੀ ਦੇ ਵੀ ਵਿਸਥਾਰਪੂਰਵਕ ਤਰੀਕੇ ਨਾਲ ਧਿਆਨ ਵਿਚ ਲਿਆਏਗੀ।




