ਸ਼ਾਹਕੋਟ, (ਗਿਆਨ ਸੈਦਪੁਰੀ)-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਾਬਕਾ ਸੰਯੁਕਤ ਸਕੱਤਰ ਕਾਮਰੇਡ ਸੁਨੀਤ ਚੋਪੜਾ ਦੇ ਅਚਾਨਕ ਵਿਛੋੜੇ ’ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾ ਕਿਹਾ ਕਿ ਕਾਮਰੇਡ ਚੋਪੜਾ ਦੇ ਤੁਰ ਜਾਣ ਨਾਲ ਦੇਸ਼ ਦੇ ਮਜ਼ਦੂਰ ਅੰਦੋਲਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਮਰੇਡ ਗੋਰੀਆ ਨੇ ਕਿਹਾ ਕਿ ਚੋਪੜਾ ਨਾਲ ਜਿੱਥੇ ਸਾਂਝੇ ਸੰਘਰਸ਼ਾਂ ਦੀ ਸਾਂਝ ਸੀ, ਉੱਥੇ ਉਹ ਮੇਰੇ ਵਧੀਆ ਨਿੱਜੀ ਦੋਸਤ ਵੀ ਸਨ। 2018 ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਗੋਲਡਨ ਜੁਬਲੀ ਜੋ ਤਿਰੂਪਤੀ ਵਿਖੇ ਮਨਾਈ ਗਈ ਸੀ, ਵਿੱਚ ਕਾਮਰੇਡ ਚੋਪੜਾ ਨੇ ਉਚੇਚ ਨਾਲ ਸ਼ਮੂਲੀਅਤ ਕੀਤੀ ਸੀ। ਉਸ ਮੌਕੇ ਉਨ੍ਹਾਂ ਨੇ ਯਾਦਗਾਰੀ ਤਕਰੀਰ ਕੀਤੀ ਸੀ, ਜੋ ਅੱਜ ਵੀ ਚੇਤਿਆਂ ਵਿੱਚ ਵਸਦੀ ਹੈ। ਦਿੱਲੀ ਵਿੱਚ ਕੀਤੀ ਗਈ ਕੁਲ ਹਿੰਦੂ ਮਜ਼ਦੂਰ ਕਨਵੈਨਸ਼ਨ ਦੀ ਸਫ਼ਲਤਾ ਵਿੱਚ ਕਾਮਰੇਡ ਸੁਨੀਤ ਚੋਪੜਾ ਦਾ ਅਹਿਮ ਯੋਗਦਾਨ ਸੀ। ਕਾਮਰੇਡ ਗੋਰੀਆ ਨੇ ਪਿੱਛੇ ਜਿਹੇ ਆਪਣੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਏ ਚੋਪੜਾ ਨਾਲ ਜਾਤੀ ਸਾਂਝ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਵਿਆਹ ਸਮਾਗਮ ਵਿੱਚ ਉਹ ਲੰਮਾ ਸਮਾਂ ਰਹੇ ਸਨ।
ਇਸੇ ਤਰ੍ਹਾਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਕਾਮਰੇਡ ਵੀ ਐੱਸ ਨਿਰਮਲ ਅਤੇ ਹਰਿਆਣਾ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਦਰਿਓ ਸਿੰਘ ਨੇ ਵੀ ਕਾਮਰੇਡ ਸੁਨੀਤ ਚੋਪੜਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।




