ਤਰਨ ਤਾਰਨ : ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਵੱਲੋਂ ਜਨਰਲ ਬਾਡੀ ਮੀਟਿੰਗ ਕਰਨ ਤੋਂ ਬਾਅਦ ਘਰ, ਰੁਜ਼ਗਾਰ, ਵਿਦਿਆ, ਸਿਹਤ ਦੀ ਮੁਫਤ ਪ੍ਰਾਪਤੀ ਤੇ ਅਮਨ ਭਾਈਚਾਰਾ ਕਾਇਮ ਰੱਖਣ ਲਈ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਿਰਨਜੀਤ ਕੌਰ ਵਲਟੋਹਾ ਨੇ ਕੀਤੀ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਸਾਬਕਾ ਕੌਮੀ ਕੌਂਸਲ ਮੈਂਬਰ ਹਰਭਜਨ ਸਿੰਘ ਤੇ ਨਰਿੰਦਰ ਪਾਲੀ ਸ਼ਾਮਲ ਹੋਏ।
ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ‘ਵਿਜੇਵਾੜਾ ਕਾਂਗਰਸ’ ਨੇ ਫੈਸਲਾ ਕੀਤਾ ਹੈ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ ਦੇਸ਼ ਭਰ ਵਿੱਚ ‘ਪਦ ਯਾਤਰਾ’ ਕੀਤੀ ਜਾਵੇਗੀ। ਮਾੜੀਮੇਘਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਦੇਸ਼ ਦੀ ਵਸੋਂ ਅੱਤ ਦੀ ਗਰੀਬੀ ਦੀ ਮਾਰ ਝੱਲ ਰਹੀ ਹੈ। ਸਾਡੀ ਧਰਤੀ ਖੇਤੀਬਾੜੀ ਦੇ ਕਾਰਜ ਲਈ ਬੜੀ ਲਾਭਦਾਇਕ ਹੈ। ਸਾਡੇ ਦੇਸ਼ ਦਾ ਮੌਸਮ ਬੜਾ ਖੁਸ਼ਗਵਾਰ ਹੈ। ਇਥੇ ਸਰਦੀ ਵੀ ਪੈਂਦੀ ਹੈ ਤੇ ਗਰਮੀ ਵੀ। ਪਹਾੜ ਸਾਡੀ ਧਰਤੀ ਦੇ ਰਖਵਾਲੇ ਤੇ ਮਾੜੀ ਆਬੋ-ਹਵਾ ਨੂੰ ਰੋਕਦੇ ਹਨ। ਸਾਡੀ ਧਰਤੀ ’ਤੇ ਕੁਦਰਤੀ ਪਾਣੀ ਦੀ ਵੀ ਘਾਟ ਨਹੀਂ । ਮੀਂਹ ਵਧੀਆ ਪੈਂਦਾ ਹੈ। ਜੇ ਘਾਟ ਹੈ ਤਾਂ ਸਰਕਾਰਾਂ ਦੀ ਬੇਈਮਾਨੀ ਹੈ। ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦਾ ਪ੍ਰਬੰਧ ਨਹੀਂ ਹੈ। ਇਹ ਪਾਣੀ ਦਰਿਆਵਾਂ ਰਾਹੀਂ ਨੁਕਸਾਨ ਕਰਦਾ ਹੋਇਆ ਸਮੁੰਦਰ ਵਿੱਚ ਚਲਾ ਜਾਂਦਾ ਹੈ। ਅਸੀਂ ਆਪਣੀ ਧਰਤੀ ਦਾ ਪਾਣੀ ਚੂਸ-ਚੂਸ ਕੇ ਖਤਮ ਕਰਨ ਤੱਕ ਪਹੁੰਚ ਗਏ ਹਾਂ। ਪੂੰਜੀਵਾਦੀ ਹਕੂਮਤਾਂ ਲੋਕਾਂ ਨੂੰ ਖੁਸ਼ਹਾਲ ਨਹੀਂ ਬਣਾਉਣਾ ਚਾਹੁੰਦੀਆਂ। ਇਸ ਪ੍ਰਬੰਧ ਦੀ ਨੀਤੀ ਘਾਟ ਰੱਖਣ ਵਾਲੀ ਹੈ। ਜੇ ਸਮਾਜ ਵਿੱਚ ਭੁੱਖ-ਨੰਗ, ਗਰੀਬੀ ਤੇ ਬੇਰੁਜ਼ਗਾਰੀ ਹੋਵੇਗੀ ਤਾਂ ਹੀ ਇਸ ਪ੍ਰਬੰਧ ਅਧੀਨ ਲੁਟੇਰੀਆਂ ਤਾਕਤਾਂ ਦੇ ਧੰਨ-ਦੌਲਤ ਦੇ ਭੰਡਾਰ ਵੱਡੇ ਹੁੰਦੇ ਹਨ। ਇਸ ਪ੍ਰਬੰਧ ਨੂੰ ਜਨਤਾ ਦੇ ਦੁੱਖ-ਦਾਰੂ ਦਾ ਕੋਈ ਫਿਕਰ ਨਹੀਂ ਹੁੰਦਾ, ਇਸ ਨੂੰ ਤਾਂ ਆਪਣੀ ਦੌਲਤ ਦੇ ਭੰਡਾਰ ਵਧਾਉਣ ਦਾ ਫਿਕਰ ਹੁੰਦਾ ਹੈ। ਕਮਿਊਨਿਸਟ ਪਾਰਟੀ ਇਸ ਲੁਟੇਰੇ ਪ੍ਰਬੰਧ ਦਾ ਖਾਤਮਾ ਕਰਕੇ ਇਨਸਾਫ ਪਸੰਦ ਰਾਜ ਕਾਇਮ ਕਰਨ ਦੀ ਲੜਾਈ ਲੜ ਰਹੀ ਹੈ, ਜਿਸ ਪ੍ਰਬੰਧ ਅਧੀਨ ਹਰ ਮਨੁੱਖ ਨੂੰ ਘਰ, ਰੁਜ਼ਗਾਰ, ਵਿਦਿਆ ਤੇ ਇਲਾਜ ਮੁਫਤ ਮਿਲਣਾ ਯਕੀਨੀ ਹੈ।
ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰ ਪਾਲ ਕੌਰ, ਕਿਸਾਨ ਸਭਾ ਦੇ ਪ੍ਰਮੁੱਖ ਆਗੂ ਬਲਕਾਰ ਸਿੰਘ ਵਲਟੋਹਾ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮਈ ਦੇ ਦੂਜੇ ਹਫਤੇ ਜ਼ਿਲ੍ਹਾ ਭਰ ਵਿੱਚ ਲਗਾਤਾਰ ਇੱਕ ਹਫਤਾ ਪਦ ਯਾਤਰਾ ਕਰਕੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਕੀਤਾ ਜਾਵੇਗਾ। ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਕਿ ਉਹ ਸੀ ਪੀ ਆਈ ਵਿੱਚ ਸ਼ਮੂਲੀਅਤ ਕਰਕੇ ਆਪਣੀ ਸੋਚ ਦਾ ਰਾਜ ਪ੍ਰਬੰਧ ਕਾਇਮ ਕਰਨ ਅਤੇ ਇਨ੍ਹਾਂ ਲੁਟੇਰੀਆਂ ਤੇ ਫਿਰਕੂ ਤਾਕਤਾਂ ਤੋਂ ਛੁਟਕਾਰਾ ਪਾਉਣ। ਤੁਹਾਡੀ ਕਿਸਮਤ ਹੋਰ ਕਿਸੇ ਨਹੀਂ ਲਿਖਣੀ, ਇਹਦੇ ਲਿਖਣਹਾਰ ਤੁਸੀਂ ਆਪ ਹੋ। ਜਿੰਨੀ ਦੇਰ ਹੋਵੇਗੀ, ਓਨਾ ਹੀ ਦੁੱਖ ਭੋਗਣਾ ਪਵੇਗਾ।
ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੇ ਜ਼ਿਲ੍ਹੇ ਵਿੱਚ ਨਰੇਗਾ ਕਾਮਿਆਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਡੀ ਸੀ ਦਫਤਰ ਤਰਨ ਤਾਰਨ ਵਿਖੇ ਲਗਾਤਾਰ ਸੰਘਰਸ ਆਰੰਭ ਦਿੱਤਾ ਜਾਵੇਗਾ। ਦੂਜਾ ਮਤਾ ਪਾਸ ਕੀਤਾ ਗਿਆ ਕਿ ਮੀਂਹ ਨਾਲ ਕਣਕ ਦਾ ਬੜਾ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਵਾਸਤੇ ਸਰਕਾਰ ਨੇ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਮੁਆਵਜ਼ਾ ਵਧਾਉਣ ਦੇ ਨਾਲ-ਨਾਲ ਬੈਂਕਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ। ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਜੇ ਕਿਸਾਨ ਸੁਖੀ ਹੋਵੇਗਾ ਤਾਂ ਤਾਂ ਹੀ ਮਜ਼ਦੂਰਾਂ ਨੂੰ ਰਜਵਾਂ ਕੰਮ ਮਿਲਦਾ ਹੈ, ਜੇ ਕਿਸਾਨ ਨੂੰ ਖੁਸ਼ਹਾਲੀ ਨਾ ਮਿਲੀ ਤਾਂ ਫਿਰ ਮਜ਼ਦੂਰ ਨੂੰ ਵੀ ਖੁਸ਼ਹਾਲੀ ਨਹੀਂ ਮਿਲੇਗੀ, ਇਸ ਲਈ ਖੇਤੀਬਾੜੀ ਨਾਲ ਜੁੜੇ ਹਰੇਕ ਕਿਰਤੀ ਨੂੰ ਮੁਆਵਜ਼ਾ ਦਿੱਤਾ ਜਾਵੇ।
ਸਮਾਗਮ ਨੂੰ ਜਗੀਰੀ ਰਾਮ ਪੱਟੀ, ਗੁਰਬਿੰਦਰ ਸਿੰਘ ਸੋਹਲ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਨਰਿੰਦਰ ਸਿੰਘ ਅਲਗੋਂ ਤੇ ਚਰਨ ਸਿੰਘ ਤਰਨ ਤਾਰਨ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਬਾਖੂਬੀ ਨਿਭਾਏ।





