ਪਟਿਆਲਾ, ਚੰਡੀਗੜ੍ਹ (ਗੁਰਜੀਤ ਬਿੱਲਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਹੈ ਕਿ ‘ਸੀ ਐੱਮ ਦੀ ਯੋਗਸ਼ਾਲਾ’ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਪ੍ਰੋਗਰਾਮ ‘ਸੀ ਐੱਮ ਦੀ ਯੋਗਸ਼ਾਲਾ’ ਲਈ ਪੋਰਟਲ ਜਾਰੀ ਕਰਨ ਮਗਰੋਂ ਇਕੱਠ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਪੱਖੀ ਇਹ ਅਹਿਮ ਪ੍ਰਾਜੈਕਟ ਦਿੱਲੀ ਦੇ ਮੁੱਖ ਮੰਤਰੀ ਦੇ ਮਨ ਦੀ ਉਪਜ ਹੈ ਅਤੇ ਇਸ ਨੇ ਲੋਕਾਂ ਵਿਚਾਲੇ ਕਾਫ਼ੀ ਮਕਬੂਲੀਅਤ ਹਾਸਲ ਕੀਤੀ ਹੈ। ਉਨ੍ਹਾ ਕਿਹਾ ਕਿ ਇਸ ਲੋਕ-ਪੱਖੀ ਪਹਿਲਕਦਮੀ ਦਾ ਕੌਮੀ ਰਾਜਧਾਨੀ ਦੀ ਵੱਡੀ ਗਿਣਤੀ ਜਨਤਾ ਲਾਭ ਲੈ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਪੰਜਾਬ ਨੇ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕੀਤਾ ਹੈ, ਤਾਂ ਕਿ ਹਰੇਕ ਪੰਜਾਬੀ ਨੂੰ ਇਸ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂ ://… ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਇਸ ਕਦਮ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕ ਲਹਿਰ ਪੈਦਾ ਕਰਨ ਦਾ ਸਬੱਬ ਦੱਸਿਆ। ਉਨ੍ਹਾ ਆਸ ਪ੍ਰਗਟਾਈ ਕਿ ਭਾਰਤ ਦੀ ਇਸ ਸ਼ਾਨਾਮੱਤੀ ਪੁਰਾਣੀ ਰਵਾਇਤ ਉਤੇ ਚੱਲਦਿਆਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਉਤੇ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਉਹਨਾ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯੋਗਸ਼ਾਲਾ ਦਾ ਇਹ ਤਜਰਬਾ ਕੌਮੀ ਰਾਜਧਾਨੀ ਵਿੱਚ ਕੀਤਾ ਗਿਆ।
ਆਮ ਆਦਮੀ ਨੇ ਇਨ੍ਹਾਂ ਤਜਰਬਿਆਂ ਨੂੰ ਕਾਫ਼ੀ ਵੱਡਾ ਹੁੰਗਾਰਾ ਦਿੱਤਾ। ਉਹਨਾ ਕਿਹਾ ਕਿ ਦਿੱਲੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨੂੰ ਪੰਜਾਬ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਉਹਨਾ ਕਿਹਾ ਕਿ ਮੁੱਢਲੇ ਪੜਾਅ ਵਿੱਚ ਪਟਿਆਲਾ, ਫਗਵਾੜਾ, ਅੰਮਿ੍ਰਤਸਰ ਤੇ ਲੁਧਿਆਣਾ ਵਰਗੇ ਚਾਰ ਸ਼ਹਿਰਾਂ ਵਿੱਚ ਯੋਗਸ਼ਾਲਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਸੂਬੇ ਦੇ ਹੋਰ ਹਿੱਸਿਆਂ ਤੱਕ ਵਧਾਇਆ ਜਾਵੇਗਾ। ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਆਸਣ ਸਿਖਾਉਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵੱਲੋਂ ਇਨ੍ਹਾਂ ਨੂੰ ਰੋਕ ਦੇਣ ਤੱਕ ਦਿੱਲੀ ਦੇ 17 ਹਜ਼ਾਰ ਵਿਅਕਤੀ ਮੁਫ਼ਤ ਵਿੱਚ ਯੋਗ ਦੀ ਸਿਖਲਾਈ ਲੈ ਚੁੱਕੇ ਸਨ।




