ਰਿਕਾਰਡ ਉਤਪਾਦਨ ਦੀ ਆਸ, ਖਰੀਦ ਨਿਯਮਾਂ ’ਚ ਢਿੱਲ ਛੇਤੀ

0
189

ਨਵੀਂ ਦਿੱਲੀ : ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਵੀਰਵਾਰ ਕਿਹਾ ਕਿ ਸਰਕਾਰ ਨੂੰ 2022-23 ’ਚ ਰਿਕਾਰਡ 11.21 ਕਰੋੜ ਟਨ ਕਣਕ ਉਤਪਾਦਨ ਹੋਣ ਦੀ ਉਮੀਦ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ’ਚ 11.21 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਕੇਂਦਰ ਜਲਦ ਹੀ ਪੰਜਾਬ ਅਤੇ ਹਰਿਆਣਾ ’ਚ ਕਣਕ ਦੀ ਖਰੀਦ ਲਈ ਗੁਣਵੱਤਾ ਦੇ ਮਿਆਰਾਂ ’ਚ ਢਿੱਲ ਦੇਣ ਬਾਰੇ ਵਿਚਾਰ ਕਰੇਗਾ। ਸਰਕਾਰੀ ਏਜੰਸੀ ਐੱਫ ਸੀ ਆਈ ਅਤੇ ਰਾਜ ਏਜੰਸੀਆਂ ਨੇ ਕਈ ਰਾਜਾਂ ’ਚ ਖਰੀਦ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨੇ ਸੋਮਵਾਰ ਕਿਹਾ ਸੀ ਕਿ ਵੱਡੇ ਉਤਪਾਦਕ ਰਾਜਾਂ ’ਚ ਹਾਲ ਹੀ ’ਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜਿਆਂ ਕਾਰਨ ਕਣਕ ਦੀ ਫਸਲ ਨੂੰ 8-10 ਫੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਕੁਝ ਰਾਜਾਂ ’ਚ ਗਰਮੀ ਕਾਰਨ ਕਣਕ ਦਾ ਉਤਪਾਦਨ ਮਾਮੂਲੀ ਤੌਰ ’ਤੇ ਘਟ ਕੇ 10.77 ਕਰੋੜ ਟਨ ਰਹਿ ਗਿਆ ਸੀ। ਚੋਪੜਾ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ’ਚ ਖਰਾਬ ਮੌਸਮ ਕਾਰਨ ਕਣਕ ਦੀ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ। ਸਕੱਤਰ ਨੇ ਕਿਹਾ ਕਿ ਮੱਧ ਪ੍ਰਦੇਸ਼ ’ਚ ਕਣਕ ਦੀ ਖਰੀਦ ਲਈ ਗੁਣਵੱਤਾ ਦੇ ਮਾਪਦੰਡਾਂ ’ਚ ਢਿੱਲ ਦਿੱਤੀ ਗਈ ਹੈ।

LEAVE A REPLY

Please enter your comment!
Please enter your name here