ਉੱਚ ਸਿੱਖਿਆ ਦੇ ਸਰਕਾਰੀ ਅਦਾਰੇ ਰਹੇ ਮੁਕੰਮਲ ਬੰਦ

0
234

ਪਟਿਆਲਾ : ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਸੰਘਰਸ਼ 25ਵੇਂ ਦਿਨ ਜੋਸ਼ ਨਾਲ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਮੁਕੰਮਲ ਵਿੱਤੀ ਗਰਾਂਟ ਜਾਰੀ ਕਰਵਾਉਣ ਅਤੇ 150 ਕਰੋੜ ਰੁਪਏ ਕਰਜ਼ੇ ਦੀ ਮੁਆਫੀ ਲਈ ਸਾਂਝਾ ਫਰੰਟ ਬਣਾ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੀ ਲਗਤਾਰਤਾ ਵਿੱਚ ਪੰਜਾਬ ਭਰ ਦੀਆਂ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ 6 ਅਪ੍ਰੈਲ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਵੀਰਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਕੰਮਲ ਤੌਰ ’ਤੇ ਬੰਦ ਰਹੀ। ਅੱਜ ਸਾਝੇਂ ਰੂਪ ਵਿੱਚ ਕਲਾਸਾਂ, ਅਧਿਆਪਨ ਅਤੇ ਵਿਭਾਗੀ ਕੰਮ ਦਾ ਬਾਈਕਾਟ ਕਰਦਿਆਂ ਮੇਨ ਗੇਟ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਵਿਦਿਆਰਥੀ ਆਗੂਆਂ ਪੀ ਐੱਸ ਯੂ ਤੋਂ ਅਮਨਦੀਪ ਖਿਉਵਾਲੀ, ਏ ਆਈ ਐੱਸ ਐੱਫ ਤੋਂ ਵਰਿੰਦਰ ਖੁਰਾਣਾ, ਐੱਸ ਐੱਫ ਆਈ ਤੋਂ ਕਮਲ ਜਲੂਰ, ਪੀ ਆਰ ਐੱਸ ਯੂ ਤੋਂ ਰਸਪਿੰਦਰ ਜਿੰਮੀ, ਪੀ ਐੱਸ ਯੂ (ਲਲਕਾਰ) ਤੋਂ ਸੰਦੀਪ, ਡਸਫੀ ਤੋਂ ਅਭੀਸ਼ੇਕ, ਪੀ ਐੱਸ ਐੱਫ ਤੋਂ ਰਵਿੰਦਰ ਰਵੀ ਅਤੇ ਪੀ ਐੱਸ ਯੂ ਰੰਧਾਵਾ ਤੋਂ ਬਲਵਿੰਦਰ ਸੋਨੀ, ਅਧਿਆਪਕਾਂ ਵੱਲੋਂ ਪੂਟਾ ਦੇ ਪ੍ਰਧਾਨ ਡਾ. ਨਿਸਾਨ ਸਿੰਘ ਦਿਓਲ, ਡਾ. ਰਾਜਦੀਪ ਸਿੰਘ , ਡਾ. ਜਸਦੀਪ ਸਿੰਘ ਤੂਰ, ਡਾ. ਗੁਰਨਾਮ ਵਿਰਕ, ਡਾ. ਗੁਰਜੰਟ, ਡਾ. ਸੁਖਵਿੰਦਰ ਸਿੰਘ, ਕਰਮਚਾਰੀਆਂ ਤੋਂ ਕੁਲਵਿੰਦਰ ਕਕਰਾਲਾ, ਪਰਮਜੀਤ ਢਿੱਲੋਂ, ਹਰਦਾਸ, ਜਗਤਾਰ ਤੇ ਜਰਨੈਲ ਸਿੰਘ ਵੱਲੋਂ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਗਿਆ। ਪੈਨਸ਼ਨਰਾਂ ਵੱਲੋਂ ਡਾ. ਬਲਵਿੰਦਰ ਸਿੰਘ ਟਿਵਾਣਾ ਅਤੇ ਆਰ ਕੇ ਰੋਹੀਲਾ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਵੱਲੋਂ ਕਿਹਾ ਗਿਆ ਕਿ ਮੋਰਚੇ ਦਾ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ। ਮੋਰਚੇ ਦੀ ਸਟੇਜ ਤੋਂ ‘ਸਿਆਸੀ ਭੰਡ’ ਅਵਤਾਰ ਸਿੰਘ ਅਤੇ ਇਕਬਾਲ ਚੜਿੱਕ ਨੇ ਸਰਕਾਰ ਦੀਆਂ ਨੀਤੀਆਂ ਉੱਤੇ ਤਨਜ਼ ਕਰਦਿਆਂ ਆਪਣੀ ਪੇਸ਼ਕਾਰੀ ਕੀਤੀ।
ਬੁਲਾਰਿਆਂ ਨੇ ਆਖਿਆ ਕਿ ਮੋਰਚੇ ਦੇ ਸੰਘਰਸ਼ ਦੇ ਦਬਾਅ ਕਰਕੇ ਹੀ ਪੰਜਾਬ ਸਰਕਾਰ ਵੱਲੋਂ ਮਹੀਨਾਵਾਰ 30 ਕਰੋੜ ਦੇ ਹਿਸਾਬ ਤਿਮਾਹੀ 90 ਕਰੋੜ ਦੀ ਗਰਾਂਟ ਜਾਰੀ ਕੀਤੀ ਗਈ ਹੈ, ਪ੍ਰੰਤੂ ਇਸ ਨੂੰ ਲਿਖਤੀ ਤੌਰ ’ਤੇ ਸਪੱਸ਼ਟ ਨਹੀਂ ਕੀਤਾ ਗਿਆ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਜਨਤਕ ਖੇਤਰ ਦੇ ਉੱਚ ਵਿਦਿਅਕ ਅਦਾਰਿਆਂ ਦੀਆਂ ਯੂਨੀਵਰਸਿਟੀਆਂ ਪ੍ਰਤੀ ਪ੍ਰਾਥਮਿਕਤਾ ਨਹੀਂ ਹੈ, ਜਿਸ ਕਰਕੇ ਸਰਕਾਰ ਗਰਾਂਟ ਦੀ ਨੀਤੀ ਸਪੱਸ਼ਟ ਨਹੀਂ ਕਰ ਰਹੀ। ਇਸੇ ਤਰਾਂ 150 ਕਰੋੜ ਦੇ ਕਰਜ਼ੇ ਨੂੰ ਮੁਆਫ ਕਰਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ । ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੂੰ ਮੋਰਚੇ ਵੱਲੋਂ ਸੱਦਾ ਦਿੰਦਿਆਂ ਕਿਹਾ ਕੇ ਮੋਰਚੇ ਨਾਲ ਵਿਚੋਲੇ ਭੇਜਣ ਦੀ ਥਾਂ ਸਿੱਧੀ ਗੱਲਬਾਤ ਕੀਤੀ ਜਾਵੇ। ਆਗੂਆਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਤੌਰ ’ਤੇ ਪੂਰੇ ਸਾਲ ਦੀ 360 ਕਰੋੜ ਗਰਾਂਟ ਦਿੱਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਅਤੇ ਯੂਨੀਵਰਸਿਟੀ ਦਾ ਸਾਰਾ ਕਰਜ਼ਾ ਮੁਆਫ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਮੋਰਚੇ ਦੇ ਸੱਦੇ ਉੱਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ, ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਨਵਾਬ ਸ਼ੇਰ ਮੁਹੰਮਦ ਖਾਨ ਸੰਸਥਾ ਮਲੇਰਕੋਟਲਾ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੇਹਲਾ ਸੀਹਾ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਾਲਜ ਮਹੈਣ ਸ੍ਰੀ ਅਨੰਦਪੁਰ ਸਾਹਿਬ, ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ, ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ, ਮਾਤਾ ਸੁੰਦਰੀ ਕਾਲਜ ਮਾਨਸਾ, ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਸਰਕਾਰੀ ਕਾਲਜ (ਲੜਕੀਆਂ) ਜਲਾਲਾਬਾਦ, ਯੂਨੀਵਰਸਿਟੀ ਕਾਲਜ ਮੂਨਕ, ਪੰਜਾਬੀ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ, ਯੂਨੀਵਰਸਿਟੀ ਕਾਲਜ ਬਰਨਾਲਾ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਯੂਨੀਵਸਿਟੀ ਕਾਲਜ ਘਨੌਰ, ਯੂਨੀਵਰਸਿਟੀ ਕਾਲਜ ਸਰਦੂਲਗੜ੍ਹ, ਯੂਨੀਵਰਸਿਟੀ ਕਾਲਜ ਮੀਰਾਂਪੁਰ, ਯੂਨੀਵਰਸਿਟੀ ਕਾਲਜ ਚੁੰਨੀ ਕਲਾਂ, ਯੂਨੀਵਸਿਟੀ ਕਾਲਜ ਬੇਨੜਾ, ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ, ਜ਼ਿਲ੍ਹਾ ਮਾਨਸਾ, ਪੰਜਾਬੀ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ ਮੀਰਾਂਪੁਰ, ਯੂਨੀ. ਕਾਲਜ ਘਨੌਰ, ਯੂਨੀ. ਕਾਲਜ ਚੁੰਨੀ ਕਲਾਂ, ਯੂਨੀ. ਕਾਲਜ ਮੂਨਕ, ਕਿਰਤੀ ਕਾਲਜ ਨਿਆਲ, ਯੂਨੀ. ਕਾਲਜ ਬਹਾਦਰਪੁਰ, ਯੂਨੀ. ਕੈਂਪਸ ਦੇਹਲਾ ਸੀਹਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਰਣਬੀਰ ਕਾਲਜ ਸੰਗਰੂਰ, ਯੂਨੀ. ਕਾਲਜ ਬਰਨਾਲਾ, ਰਿਜਨਲ ਸੈਂਟਰ ਬਠਿੰਡਾ, ਬਹੁ-ਤਕਨੀਕੀ ਕਾਲਜ ਅੰਮਿ੍ਰਤਸਰ, ਯੂਨੀ. ਕਾਲਜ ਸਰਦੂਲਗੜ੍ਹ, ਯੂਨੀ. ਕੈਂਪਸ ਮੌੜ, ਯੂਨੀ. ਕਾਲਜ ਘੁੱਦਾ, ਯੂਨੀ. ਕਾਲਜ ਜੈਤੋ, ਯੂਨੀ. ਕੈਂਪਸ ਰੱਲਾ ਆਦਿ ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਇਸ ਹੜਤਾਲ ਦੇ ਸੱਦੇ ਤਹਿਤ ਮੁਕੰਮਲ ਤੌਰ ਉੱਤੇ ਬੰਦ ਕਰ ਦਿੱਤਾ, ਜਿਸ ਨਾਲ਼ ਹੜਤਾਲ ਦਾ ਸੱਦਾ ਪੂਰਨ ਤੌਰ ਉੱਤੇ ਸਫ਼ਲ ਰਿਹਾ। ਮੋਰਚੇ ਦੇ ਆਗੂਆਂ ਡਾਕਟਰ ਰਾਜਦੀਪ ਸਿੰਘ ਅਤੇ ਅਮਨਦੀਪ ਖਿਉਵਾਲੀ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਪੰਜਾਬੀ ਯੂਨੀਵਰਸਿਟੀ ਪ੍ਰਤੀ ਅਪਣਾਈ ਸਰਕਾਰ ਦੀ ਨੀਤੀ ਨੂੰ ਲੈ ਕੇ ਲੜਾਈ ਲੜ ਰਿਹਾ ਹੈ।
ਉਹਨਾਂ ਸਮੁੱਚੇ ਪੰਜਾਬੀਆਂ ਨੂੰ ਆਪਣੀਆਂ ਯੂਨੀਵਰਸਿਟੀਆਂ ਬਚਾਉਣ ਲਈ ਸੰਘਰਸ਼ ਵਿੱਚ ਕੁੱਦਣ ਦਾ ਸੱਦਾ ਦਿੰਦਿਆਂ ਕਿਹਾ ਕਿਹਾ ਕੇ ਪੰਜਾਬ ਸਰਕਾਰ ਵਿਰੁੱਧ ਮੋਰਚੇ ਵੱਲੋਂ ਜਲਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here