ਨਵੀਂ ਦਿੱਲੀ : ਕੋਵਿਡ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਐਮਰਜੰਸੀ ਹਾਟ ਸਪੌਟਾਂ ਦੀ ਪਛਾਣ ਕਰਨ, ਟੈਸਟਿੰਗ, ਜਿਨੋਮ ਸੀਕੁਐਂਸਿੰਗ ਵਧਾਉਣ ਤੇ ਹਸਪਤਾਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਕਰਨ ਦਾ ਨਿਰਦੇਸ਼ ਦਿੱਤਾ | ਉਨ੍ਹਾ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਦੀ ਲੋੜ ਹੈ | ਚੌਕਸੀ ਦੀ ਲੋੜ ਹੈ, ਘਬਰਾਉਣ ਦੀ ਨਹੀਂ | ਇਸ ਵੇਲੇ ਓਮੀਕਰੋਨ ਦਾ ਸਬ-ਵੈਰੀਐਂਟ ਫੈਲ ਰਿਹਾ ਹੈ | ਇਸ ਵਿਚ ਹਸਪਤਾਲ ‘ਚ ਭਰਤੀ ਹੋਣ ਦੀ ਲੋੜ ਨਹੀਂ ਹੁੰਦੀ | ਇਸ ਤੋਂ ਪਹਿਲਾਂ ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਕੇਂਦਰ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਯਮਤ ਤੌਰ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਹੈ | ਪੁੱਡੂਚੇਰੀ ਪ੍ਰਸ਼ਾਸਨ ਨੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ | ਜ਼ਿਲ੍ਹਾ ਕੁਲੈਕਟਰ ਈ ਵਲਵਨ ਨੇ ਕਿਹਾ ਕਿ ਜਨਤਕ ਥਾਵਾਂ, ਬੀਚ ਰੋਡ, ਪਾਰਕਾਂ ਅਤੇ ਥੀਏਟਰਾਂ ‘ਚ ਮਾਸਕ ਪਹਿਨਣਾ ਲਾਜ਼ਮੀ ਹੈ | ਹਸਪਤਾਲਾਂ, ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਸ਼ਰਾਬ ਦੀਆਂ ਦੁਕਾਨਾਂ, ਪ੍ਰਾਹੁਣਚਾਰੀ ਅਤੇ ਮਨੋਰੰਜਨ ਖੇਤਰਾਂ, ਸਰਕਾਰੀ ਦਫਤਰਾਂ ਅਤੇ ਵਪਾਰਕ ਅਦਾਰਿਆਂ ‘ਚ ਕੰਮ ਕਰਨ ਵਾਲੇ ਸਟਾਫ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਚਾਹੀਦੇ ਹਨ | ਸਾਰੇ ਸਰਕਾਰੀ ਦਫਤਰਾਂ ਅਤੇ ਨਿੱਜੀ ਅਦਾਰਿਆਂ ‘ਚ ਸੌ ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ | ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਦੇ 6,050 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 4,47,45,104 ਹੋ ਗਈ ਹੈ | ਇਹ ਪਿਛਲੇ 203 ਦਿਨਾਂ ‘ਚ ਰੋਜ਼ਾਨਾ ਰਿਪੋਰਟ ਕੀਤੇ ਗਏ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ | ਹੁਣ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 28,303 ਹੋ ਗਈ ਹੈ | ਪਿਛਲੇ ਸਾਲ 16 ਸਤੰਬਰ ਨੂੰ ਦੇਸ਼ ‘ਚ ਵਾਇਰਸ ਦੇ 6,298 ਕੇਸ ਸਾਹਮਣੇ ਆਏ ਸਨ | ਪੰਜਾਬ ਦੇ ਇਕ ਵਿਅਕਤੀ ਸਮੇਤ ਦੇਸ਼ ‘ਚ 14 ਹੋਰ ਮੌਤਾਂ ਹੋ ਗਈਆਂ ਹਨ | ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 5,30,943 ਹੋ ਗਈ ਹੈ |