ਜਲੰਧਰ : ਸੀ.ਪੀ.ਆਈ., ਸੀ.ਪੀ.ਆਈ. (ਐੱਮ-ਐੱਲ) ਨਿਊ ਡੈਮੋਕਰੇਸੀ, ਸੀ.ਪੀ.ਆਈ. (ਐੱਮ-ਐੱਲ) ਲਿਬਰੇਸ਼ਨ, ਇਨਕਲਾਬੀ ਕੇਂਦਰ ਪੰਜਾਬ, ਆਰ.ਐੱਮ.ਪੀ.ਆਈ. ਅਤੇ ਐੱਮ.ਸੀ.ਪੀ.ਆਈ. (ਯੂ.) ‘ਤੇ ਅਧਾਰਤ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜਾਰੀ ਬਿਆਨ ਰਾਹੀਂ ਮੁਖਤਿਆਰ ਪੂਹਲਾ, ਕਿਰਨਜੀਤ ਸੇਖੋਂ, ਪਿ੍ਥੀਪਾਲ ਸਿੰਘ ਮਾੜੀਮੇਘਾ, ਪ੍ਰਗਟ ਸਿੰਘ ਜਾਮਾਰਾਏ, ਰਾਜਵਿੰਦਰ ਰਾਣਾ ਅਤੇ ਅਜਮੇਰ ਸਿੰਘ ਨੇ ਆਰ.ਐੱਸ.ਐੱਸ.-ਭਾਜਪਾ ਦੀ ਯੋਗੀ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਕਾਨਪੁਰ ਤੇ ਇਲਾਹਾਬਾਦ ਘਟਨਾਕ੍ਰਮ ਲਈ 70 ਲੋਕਾਂ ਸਮੇਤ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਡਾ. ਆਸ਼ੀਸ਼ ਮਿੱਤਲ ਨੂੰ ਦੋਸ਼ੀ ਠਹਿਰਾਉਣ ਦੀ ਨਿਖੇਧੀ ਕੀਤੀ ਹੈ |
ਉਨ੍ਹਾਂ ਕਿਹਾ ਕਿ ਅਸਲ ਵਿੱਚ ਆਰ.ਐੱਸ.ਐੱਸ.-ਭਾਜਪਾ ਦੁਆਰਾ ਲਾਗੂ ਕੀਤੇ ਜਾ ਰਹੇ ਸੀ.ਏ.ਏ. ਅਤੇ ਐੱਨ.ਆਰ.ਸੀ. ਵਿਰੁੱਧ ਮੁਸਲਮਾਨ ਭਾਈਚਾਰੇ ਵੱਲੋਂ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਨੇ ਵੀ ਹਿੱਸਾ ਲਿਆ ਸੀ, ਜਿਸ ਕਾਰਨ ਉਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਐਡਵੋਕੇਟਸ ਫੋਰਮ, ਇਲਾਹਾਬਾਦ ਅਤੇ ਸਿਵਲ ਸੁਸਾਇਟੀ, ਇਲਾਹਾਬਾਦ ਨੇ ਪਹਿਲੇ ਆਜ਼ਾਦੀ ਸੰਗਰਾਮ 1857 ਦੇ ਮਹਾਨ ਰਾਸ਼ਟਰੀ ਨਾਇਕ ਮੌਲਵੀ ਲਿਆਕਤ ਅਲੀ ਦੀ ਯਾਦ ਵਿਚ, ਜਿਨ੍ਹਾਂ ਦੀ ਅਗਵਾਈ ਵਿਚ 7 ਤੋਂ 17 ਜੂਨ, 1857 ਤੱਕ ਇਲਾਹਾਬਾਦ ਤੋਂ ਕੰਪਨੀ ਰਾਜ ਦਾ ਤਖਤਾ ਪਲਟਿਆ ਗਿਆ, 10 ਜੂਨ ਨੂੰ ਮਨਾਉਣ ਲਈ ਬੁਲਾਇਆ ਗਿਆ | ਇਸ ਪ੍ਰੋਗਰਾਮ ਦੇ ਭਾਗੀਦਾਰ ਵਜੋਂ ਕੁੱਲ ਹਿੰਦ ਕਿਸਾਨ-ਮਜ਼ਦੂਰ ਸਭਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਰ.ਐੱਸ.ਐੱਸ.-ਭਾਜਪਾ ਦੇ ਫਿਰਕੂ ਫਾਸ਼ੀਵਾਦੀ ਪ੍ਰੋਗਰਾਮ ਦਾ ਵਿਰੋਧ ਕਰਨ, ਮਸਜਿਦਾਂ ਅਤੇ ਹੋਰ ਇਮਾਰਤਾਂ ਨਾਲ ਸੰਬੰਧਤ ਵਿਵਾਦ ਪੈਦਾ ਕਰਨ ਲਈ ਕਾਨੂੰਨੀ ਮਸ਼ੀਨਰੀ ਦੀ ਦੁਰਵਰਤੋਂ ਦਾ ਵਿਰੋਧ ਕਰਨ ਅਤੇ ਵਿਦੇਸ਼ੀ ਕੰਪਨੀਆਂ ਨੂੰ ਭਾਰਤੀ ਬਾਜ਼ਾਰ ਅਤੇ ਅਦਾਰਿਆਂ ਵਿੱਚ ਨਿਵੇਸ਼ ਕਰਨ ਅਤੇ ਲੁੱਟ ਕਰਨ ਲਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦਾ ਵਿਰੋਧ ਕਰਨ | ਇਸ ਸਰਕਾਰ ਨੇ ਸਿੱਖਿਆ, ਸਿਹਤ, ਪ੍ਰਚੂਨ ਵਪਾਰ, ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਮੰਡੀਕਰਨ, ਜ਼ਮੀਨ ਗ੍ਰਹਿਣ ਕਰਨ ਅਤੇ ਕਿਸਾਨਾਂ ਦਾ ਉਜਾੜਾ ਕਰਨ ਵਿੱਚ ਕਾਰਪੋਰੇਟ ਅਤੇ ਬਹੁਕੌਮੀ ਕੰਪਨੀਆਂ ਦਾ ਕੰਟਰੋਲ ਵਧਾ ਦਿੱਤਾ ਹੈ, ਜਿਸ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਵਧੀ ਹੈ | ਇਸ ਦੇ ਪ੍ਰਤੀਕਰਮ ਵਜੋਂ ਭਾਜਪਾ ਸਰਕਾਰ ਨੇ ਪ੍ਰੋਗਰਾਮ ਤੋਂ ਪਹਿਲਾਂ ਚੁਣ ਕੇ ਡਾ: ਮਿੱਤਲ ਨੂੰ ਨਿਸ਼ਾਨਾ ਬਣਾਇਆ | ਇਸ ਨੇ 9 ਜੂਨ ਨੂੰ ਸ਼ਾਮ 6.25 ਵਜੇ ਇੱਕ ਨੋਟਿਸ ਜਾਰੀ ਕਰਕੇ ਸ਼ਾਂਤੀ ਬਣਾਈ ਰੱਖਣ ਲਈ 10 ਜੂਨ ਨੂੰ ਸਵੇਰੇ 10 ਵਜੇ ਤੱਕ ਦੋ ਬਰਾਬਰ ਜ਼ਮਾਨਤਾਂ ਦੇ ਨਾਲ 10 ਲੱਖ ਰੁਪਏ ਦੇ ਬਾਂਡ ਨੂੰ ਲਾਗੂ ਕਰਨ ਲਈ ਕਿਹਾ |
ਸਰਕਾਰ ਇਸ ਤਰ੍ਹਾਂ ਕਰਕੇ ਆਪਣੇ ਵਿਰੋਧੀਆਂ ਨੂੰ ਡਰਾ-ਧਮਕਾ ਰਹੀ ਹੈ | ਫਾਸ਼ੀ ਹਮਲਿਆਂ ਵਿਰੋਧੀ ਫਰੰਟ 26 ਜੂਨ 1975 ਨੂੰ ਲਗਾਈ ਐਮਰਜੈਂਸੀ ਨਾਲੋਂ ਆਰ.ਐੱਸ.ਐੱਸ.-ਭਾਜਪਾ ਦੀ ਅਣਐਲਾਨੀ ਐਮਰਜੈਂਸੀ ਨੂੰ ਵੱਧ ਖਤਰਨਾਕ ਸਮਝਦਾ ਹੈ ਅਤੇ ਸਮੂਹ ਇਨਸਾਫ ਪਸੰਦ, ਨਿਆਂਪਸੰਦ ਤੇ ਜਮਹੂਰੀ ਤਾਕਤਾਂ ਨੂੰ ਫਾਸ਼ੀ ਸਰਕਾਰ ਦੇ ਇਸ ਹੱਲੇ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦਾ ਹੈ | ਫਰੰਟ ਨੇ ਡਾ. ਅਸ਼ੀਸ਼ ਮਿੱਤਲ ਸਮੇਤ ਹੋਰਨਾਂ ਲੋਕਾਂ ਵਿਰੁੱਧ ਦਰਜ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ |