ਨਵੀਂ ਦਿੱਲੀ : ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ ਕਿ ਰਿਜ਼ਰਵ ਬੈਂਕ ਨੇ ਮਹਿੰਗਾਈ ਦਰ ਨੂੰ 6 ਫੀਸਦੀ ਤੋਂ ਥੱਲੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ‘ਤੇ ਪਲਟਵਾਰ ਕੀਤਾ | ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ‘ਮਹਿੰਗਾਈ ਮੈਨ’ ਦੱਸਦੇ ਹੋਏ ਰੋਜ਼ਾਨਾ ਦੀਆਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀ ਲਿਸਟ ਜਾਰੀ ਕਰਦੇ ਹੋਏ 2013 ਦੇ ਮੁਕਾਬਲੇ ਇਨ੍ਹਾਂ ਕੀਮਤਾਂ ‘ਚ ਹੋਏ ਵਾਧੇ ਨੂੰ ਮੁੱਦਾ ਬਣਾਇਆ ਹੈ | ਕਾਂਗਰਸ ਨੇ ਇਹ ਅਭਿਆਨ ਕਰਨਾਟਕ ਦੀਆਂ ਆਗਾਮੀ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਸ਼ੁਰੂ ਕੀਤਾ | ਇਸ ਤੋਂ ਪਹਿਲਾਂ ਕਾਂਗਰਸ ਨੇ ਇਹ ਸਾਫ਼ ਕਹਿ ਦਿੱਤਾ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਹਿੰਦੂਤਵ ਨੂੰ ਨਿਸ਼ਾਨਾ ਨਹੀਂ ਬਣਾਏਗੀ |
ਇਸ ਦੀ ਬਜਾਏ ਉਹ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕੇਗੀ | ਕਾਂਗਰਸ ਆਪਣੇ ਚਾਰ ਵੱਡੇ ਵਾਅਦਿਆਂ ਦੇ ਨਾਲ ਲੋਕਾਂ ‘ਚ ਜਾਵੇਗੀ, ਇਨ੍ਹਾਂ ‘ਚ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ, ਬੇਰੁਜ਼ਗਾਰਾਂ ਲਈ 3000 ਰੁਪਏ ਪ੍ਰਤੀ ਮਹੀਨਾ ਅਤੇ ਹਰੇਕ ਪਰਵਾਰਕ ਮੈਂਬਰ ਲਈ 10 ਕਿਲੋ ਚੌਲ ਬੀ ਪੀ ਐੱਲ ਪਰਵਾਰ ਸ਼ਾਮਲ ਹਨ | ਭਾਜਪਾ ਨੂੰ ਘੇਰਨ ਲਈ ਕਾਂਗਰਸ ਨੇ ਪਾਰਟੀ ਦੇ ਟਵਿਟਰ ਹੈਾਡਲ ‘ਤੇ ਲੋਕਾਂ ਦੇ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਸਾਮਾਨ ਦੀ ਲਿਸਟ ਜਾਰੀ ਕੀਤੀ, ਜਿਨ੍ਹਾਂ ਦੀਆਂ ਕੀਮਤਾਂ ‘ਚ 2013 ਦੇ ਮੁਕਾਬਲੇ ਦੋ ਤੋਂ ਤਿੰਨ ਗੁਣਾ ਤੱਕ ਦਾ ਵਾਧਾ ਹੋਇਆ ਹੈ | ਲਿਸਟ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਵਾਧਾ ਵੀ ਸ਼ਾਮਲ ਹੈ | ਪਾਰਟੀ ਕਰਨਾਟਕਾ ‘ਚ ਭਾਜਪਾ ਖਿਲਾਫ਼ 40 ਫੀਸਦੀ ਰਿਸ਼ਵਤ ਦੇ ਦੋਸ਼ਾਂ ‘ਤੇ ਆਪਣੇ ‘ਪੀ ਸੀ ਐੱਮ’ ਅਭਿਆਨ ਦੇ ਨਾਲ ਅਤੇ ਚੋਣਾਂ ਤੋਂ ਪਹਿਲਾਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ, ਕਾਂਗਰਸ ਭਾਜਪਾ ਨੂੰ ਨਿਸ਼ਾਨਾ ਬਣਾ ਰਹੀ ਹੈ |
ਪਾਰਟੀ ਨੇਤਾਵਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਮੁਸਲਿਮਾਂ ਲਈ 4 ਫੀਸਦੀ ਓ ਬੀ ਸੀ ਰਾਖਵਾਂਕਰਨ ਖ਼ਤਮ ਕਰਨ ਦੇ ਸਰਕਾਰ ਦੇ ਫੈਸਲੇ ਦਾ ਓਨੀ ਮਜ਼ਬੂਤੀ ਨਾਲ ਵਿਰੋਧ ਨਹੀਂ ਕੀਤਾ, ਜਿੰਨੀ ਉਮੀਦ ਕੀਤੀ ਜਾ ਰਹੀ ਸੀ |




