ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਪਾਲ ਚੀਮਾ ਨੇ ਪੰਜਾਬ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਸਿੱਧੂ 1 ਸਾਲ ਜੇਲ੍ਹ ’ਚ ਰਹਿ ਕੇ ਆਏ ਹਨ, ਇਸ ਲਈ ਕੁਝ ਟਾਈਮ ਉਨ੍ਹਾ ਨੂੰ ਆਰਾਮ ਕਰ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਪਸ਼ਚਾਤਾਪ ਵੀ ਕਰ ਲੈਣਾ ਚਾਹੀਦਾ ਹੈ। ਚੀਮਾ ਨੇ ਕਿਹਾ ਪੰਜਾਬ ’ਚ ਪਹਿਲੀ ਵਾਰ ਹੋਇਆ ਹੈ ਕਿ ਹਰੇਕ ਖੇਤਰ ’ਚ ਸਰਕਾਰ ਦਾ ਰੈਵੇਨਿਊ ਲਗਾਤਾਰ ਵਧ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।
ਚੀਮਾ ਮੁਤਾਬਿਕ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਐਕਸਾਈਜ਼ ਤੋਂ 8,841 ਕਰੋੜ ਦੀ ਆਮਦਨ ਹੋਈ ਅਤੇ ਨਵੀਂ ਨਾਲ ਐਕਸਾਈਜ਼ ਵਿਭਾਗ ਦਾ ਮਾਲੀਆ 41 ਫੀਸਦੀ ਵਧਿਆ। ਚੀਮਾ ਨੇ ਕਿਹਾ ਕਿ ਪਹਿਲੇ ਸਾਲ ਹੀ ਸਰਕਾਰ ਵੱਲੋਂ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ ਜਦਕਿ ਪਿਛਲੀਆਂ ਸਰਕਾਰਾਂ ਵੇਲੇ ਇਹ ਸਾਰੇ ਕੰਮ ਚੌਥੇ ਸਾਲ ’ਚ ਹੂੰਦੇ ਸਨ। ਨਾਲ ਹੀ ਕਿਹਾ ਕਿ ਪਹਿਲੇ ਸਾਲ ’ਚ ਹੀ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਜਿਹੜਾ ਵੀ ਭਿ੍ਰਸ਼ਟਾਚਾਰ ਕਰੂ ਉਹ ਜੇਲ੍ਹ ਵਿੱਚ ਜਾਊ ਭਾਵੇਂ ਉਹ ਉਨ੍ਹਾ ਦੀ ਪਾਰਟੀ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ। ਚੀਮਾ ਨੇ ਕਿਹਾ ਕਿ ਜਲੰਧਰ ’ਚ ਕੋਈ ਐਂਟੀ-ਇਨਕਮਬੈਂਸੀ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਭਾਰੀ ਵੋਟਾਂ ਨਾਲ ਚੋਣ ਜਿੱਤਣਗੇ।





