ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਐਤਵਾਰ ਕਿਹਾ ਕਿ 2024 ਦੀਆਂ ਆਮ ਚੋਣਾਂ ’ਚ ਭਾਜਪਾ ਨੂੰ ਟੱਕਰ ਦੇਣ ਵਾਲੇ ਕਿਸੇ ਵੀ ਗੱਠਜੋੜ ਦੇ ਕੇਂਦਰ ਵਿੱਚ ਕਾਂਗਰਸ ਹੋਣੀ ਚਾਹੀਦੀ ਹੈ। ਸਿੱਬਲ ਨੇ ਇਹ ਵੀ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਜ਼ਬੂਤ ਗੱਠਜੋੜ ਬਣਾਉਣ ਲਈ ਇਕ-ਦੂਜੇ ਦੀਆਂ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਸਾਂਝਾ ਪਲੇਟਫਾਰਮ ਲੱਭਣ ਦਾ ਸੱਦਾ ਦਿੱਤਾ।
ਸਿੱਬਲ ਨੇ ਕਿਹਾ ਕਿ ਇਹ ਸਾਂਝਾ ਪਲੇਟਫਾਰਮ ਉਨ੍ਹਾ ਦਾ ਨਵਾਂ ਬਣਾਇਆ ‘ਇਨਸਾਫ’ ਪਲੇਟਫਾਰਮ ਵੀ ਹੋ ਸਕਦਾ ਹੈ, ਜੋ ਬੇਇਨਸਾਫੀ ਵਿਰੁੱਧ ਲੜਨ ਲਈ ਬਣਾਇਆ ਗਿਆ ਹੈ। ਸਿੱਬਲ ਨੇ ਕਿਹਾ ਕਿ 2024 ਲਈ ਵਿਰੋਧੀ ਗਠਜੋੜ ਦੀ ਲੀਡਰਸ਼ਿਪ ਦੇ ਸਵਾਲ ਦਾ ਜਵਾਬ ਇਸ ਪੜਾਅ ’ਤੇ ਦੇਣ ਦੀ ਲੋੜ ਨਹੀਂ ਹੈ। ਉਨ੍ਹਾ 2004 ਦੀ ਉਦਾਹਰਨ ਵੀ ਦਿੱਤੀ, ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਨੂੰ ਵਿਰੋਧੀ ਧਿਰ ਵੱਲੋਂ ਚਿਹਰਾ ਨਾ ਐਲਾਨੇ ਜਾਣ ਦੇ ਬਾਵਜੂਦ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ।





