ਮੋਗਾ (ਅਮਰਜੀਤ ਬੱਬਰੀ)-ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਜ਼ਿਲ੍ਹਾ ਮੋਗਾ ਵੱਲੋਂ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ “ਪਰਮਗੁਣੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ’’ ਦੇ ਸ਼ਹੀਦੀ ਦਿਨ ਨੂੰ ਸਮਰਪਿਤ ‘ਨੌਜਵਾਨ-ਵਿਦਿਆਰਥੀ ਕਾਨਫਰੰਸ’ ਬੱਧਨੀ ਖੁਰਦ ਵਿਖੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਅਤੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਬੱਧਨੀ ਤੇ ਵਿਦਿਆਰਥੀ ਆਗੂ ਜਸਪ੍ਰੀਤ ਕੌਰ ਬੱਧਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਮੁੱਖ ਵਕਤਾ ਦੇ ਤੌਰ ’ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਲਵਪ੍ਰੀਤ ਮਾੜੀਮੇਘਾ ਅਤੇ ਨੌਜਵਾਨ ਆਗੂ ਕਰਮਵੀਰ ਬੱਧਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪਿੰਡ ਵਿੱਚੋਂ ਵੱਡੀ ਗਿਣਤੀ ’ਚ ਨੌਜਵਾਨ-ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਬੱਚਿਆਂ ਨੇ ਇਸ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਜਿੱਥੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਨਾਲ ਹੀ ਸ਼ਹੀਦਾਂ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ ਅਤੇ ਅੱਜ ਦੇ ਸਮੇਂ ਜਵਾਨੀ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਦਿਖਾਏ ਰਸਤੇ ਉੱਤੇ ਚੱਲਣ ਦੀ ਲੋੜ ਹੈ, ਬਾਰੇ ਵਿਚਾਰ ਚਰਚਾ ਕੀਤੀ।
ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਦੋਹਾਂ ਜੱਥੇਬੰਦੀਆਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਦੋਂ ਸੀਜ਼ਨ ਦਾ ਸਮਾਂ ਹੈ ਲੋਕ ਕੰਮਾਂ-ਕਾਰਾਂ ’ਚ ਰੁੱਝੇ ਹੋਏ ਹਨ, ਫਿਰ ਵੀ ਵੱਡੀ ਗਿਣਤੀ ’ਚ ਲੋਕਾਂ ਦਾ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਠੇ ਹੋ ਵਿਚਾਰ ਚਰਚਾਵਾਂ ਕਰਨੀਆਂ ਆਪਣੇ-ਆਪ ’ਚ ਸਲਾਹੁਣਯੋਗ ਕੰਮ ਹੈ। ਅੱਜ ਦਾ ਸਮਾਂ ਮੰਗ ਕਰਦਾ ਕਿ ਹਕੂਮਤ ਵੱਲੋਂ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ, ਉਹਨਾਂ ਬਾਰੇ ਸੋਚੀਏ ਤੇ ਸਹੀ ਰਾਹ ਚੁਣ ਅੱਗੇ ਵਧੀਏ। ਉਹਨਾਂ ਕਿਹਾ ਕਿ ਸਰਮਾਏਦਾਰੀ ਜਿਸ ਪੜਾਅ ’ਤੇ ਪਹੁੰਚ ਚੁੱਕੀ ਹੈ। ਕਿਰਤ ਦੀ ਲੁੱਟ ਕਰਨ ਵਾਲੇ ਮੁੱਠੀ ਭਰ ਲੋਕ ਕੁੱਲ ਦੁਨੀਆ ਦੀ ਦੌਲਤ ’ਤੇ ਕਾਬਜ਼ ਹੋ ਰਹੇ ਹਨ ਅਤੇ ਬਾਕੀ ਵਸੋਂ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਕੀਤੀ ਜਾ ਰਹੀ ਹੈ ਅਜਿਹੇ ਸਮੇਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਵਿਚਾਰਧਾਰਕ ਆਗੂ ਤੋਂ ਸੇਧ ਲੈਣ ਲਈ ਅਜਿਹੇ ਪ੍ਰੋਗਰਾਮ ਕਰੀਏ। ਉਹਨਾਂ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨੌਜਵਾਨ-ਵਿਦਿਆਰਥੀਆਂ ਭਗਤ ਸਿੰਘ ਦੇ ਜੀਵਨ ਨੂੰ ਪੜ੍ਹਨ, ਜਾਨਣ ਅਤੇ ਜੱਥੇਬੰਦੀਆਂ ਦੇ ਲੜ ਲਗਾ ਇਸ ਲਹਿਰ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਦਾ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਮਿਲੇ, ਦੀ ਗੱਲ ਵੀ ਕੀਤੀ
ਲਵਪ੍ਰੀਤ ਮਾੜੀਮੇਘਾ ਅਤੇ ਸੂਬਾਈ ਜੱਥੇਬੰਦਕ ਸਕੱਤਰ ਕਰਮਵੀਰ ਬੱਧਨੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਜਵਾਨੀ ਨੂੰ ਵਰਤਿਆ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪ੍ਰਬੰਧ ਨੇ ਲੋਕਾਂ ਨੂੰ ਕਿਰਤ ਤੋਂ ਪਾਸੇ ਕਰ ਉਹਨਾਂ ਨੂੰ ਵਿਹਲਿਆਂ ਭੀੜਾਂ ਬਣਾ ਆਪਣੇ ਮੁਨਾਫੇ ਵਧਾਉਣ ਲਈ ਇਹਨਾਂ ਦਾ ਲਾਹਾ ਲਿਆ ਹੈ। ਪੰਜਾਬ ਦੀ ਜਵਾਨੀ ਇੱਥੇ ਰੁਜ਼ਗਾਰ ਨਾ ਹੋਣ ਕਾਰਨ ਵਿਦੇਸ਼ਾਂ ਵੱਲ ਜਾ ਰਹੀ ਹੈ। ਪੰਜਾਬ ਵਿਚ ਘਰਾਂ ਦੇ ਘਰ ਖਾਲੀ ਹੋ ਰਹੇ ਹਨ ਤਾਂ ਸਮੇਂ ਦੀ ਲੋੜ ਬਣ ਜਾਂਦੀ ਹੈ ਕਿ ਉਨ੍ਹਾਂ ਨੌਜਵਾਨਾਂ/ਵਿਦਿਆਰਥੀਆਂ ਜਿਨ੍ਹਾਂ ਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਯੋਗਤਾ ਦਾ ਮੁੱਲ ਪਾ ਰਹੀਆਂ ਹਨ, ਨੂੰ ਸਹੀ ਸੇਧ ਦੇਣ ਲਈ ਲਾਮਬੰਦ ਕੀਤਾ ਜਾਵੇ। ਕਰੋੜਾਂ ਰੁਪਇਆ ਖਰਚ ਕੇ ਵੀ ਅੱਜ ਸਾਡੇ ਘਰਾਂ ਵਿਚ ਖੁਸ਼ੀਆਂ ਨਹੀਂ ਆ ਰਹੀਆਂ। ਇਹਨਾਂ ਖੁਸ਼ੀਆਂ ਦੀ ਗਾਰੰਟੀ ਹਰ ਹੱਥ ਨੂੰ ਕੰਮ ਦਿੱਤੇ ਬਿਨਾਂ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਦੋਵੇਂ ਜੱਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ, ਲਈ ਕੰਮ ਕਰ ਰਹੀਆਂ ਹਨ। ਇਹ ਕਾਨੂੰਨ ਹਰ 18-58 ਸਾਲ ਦੇ ਮਰਦ-ਇਸਤਰੀ ਨੂੰ, ਹਰ ਹੱਥ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਤਨਖਾਹ ਦੀ ਗਰੰਟੀ ਕਰੇਗਾ। ਇਹ ਲਹਿਰ ਦੇਸ਼ ਪੱਧਰ ’ਤੇ ਸਰਗਰਮ ਰੂਪ ’ਚ ਕੰਮ ਕਰ ਰਹੀ ਹੈ। ਜ਼ਰੂਰਤ ਹੈ ਇਸ ਨੂੰ ਹਰ ਘਰ ਤੱਕ ਲੈ ਕੇ ਜਾਇਆ ਜਾਵੇ। ਦੇਸ਼ ਦਾ ਹਰ ਨੌਜਵਾਨ ਇਸ ਦਾ ਹਿੱਸਾ ਬਣੇ ਤੇ ਅਸੀਂ ਹਰ ਇਕ ਲਈ ਯੋਗਤਾ ਅਨੁਸਾਰ ਕੰਮ ਦੀ ਗਰੰਟੀ ਦਾ ਇਹ ਕਾਨੂੰਨ ਜਿੱਤ ਸਕੀਏ। ਉਹਨਾਂ ਨੌਜਵਾਨਾਂ/ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਆਓ ਇਸ ਲਹਿਰ ਦਾ ਹਿੱਸਾ ਬਣੀਏ। ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ, ਟਰੇਨਿੰਗ ਕੈਂਪ ਜੱਥੇਬੰਦੀਆਂ ਵੱਲੋਂ ਲਗਾਤਾਰ ਹੋ ਰਹੇ ਹਨ, ਉਹ ਇਹਨਾਂ ਦਾ ਹਿੱਸਾ ਬਣ ਸਿੱਖਣ ਤੇ ਆਗੂ ਬਣਨ। ਇਸ ਕਾਨਫਰੰਸ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਯੂਨੀਵਰਸਿਟੀ ਦਾ ਸਾਰਾ ਕਰਜ਼ਾ ਮੁਆਫ ਕਰਕੇ ਬਣਦੀ ਨਵੀਂ ਗਰਾਂਟ ਜਾਰੀ ਕਰਨ ਦੀ ਗੱਲ ਵੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਜਗਵਿੰਦਰ ਕਾਕਾ ਜ਼ਿਲ੍ਹਾ ਪ੍ਰਧਾਨ ਸਰਵ ਭਾਰਤ ਨੌਜਵਾਨ ਸਭਾ ਨੇ ਬਾਖੂਬੀ ਨਿਭਾਈ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜਗਜੀਤ ਧੂੜਕੋਟ, ਸਾਬਕਾ ਨੌਜਵਾਨ ਆਗੂ ਸੁਖਦੇਵ ਭੋਲਾ, ਮੰਗਤ ਰਾਏ, ਵਿਦਿਆਰਥੀ ਆਗੂ ਵੀਰਪਾਲ ਕੌਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਬੱਧਨੀ, ਚਮਕੌਰ ਸਿੰਘ, ਵਿਦਿਆਰਥੀ ਆਗੂ ਅਵਤਾਰ ਚੜਿੱਕ, ਨਵਕਿਰਨ ਕੌਰ, ਬੇਅੰਤ ਕੌਰ ਬੀੜ ਬੱਧਨੀ, ਕੇਵਲ ਰਾਉਕੇ, ਜੋਤੀ ਬੱਧਨੀ, ਜਸਵਿੰਦਰ ਕਾਕਾ, ਲਵਪ੍ਰੀਤ ਸਿੰਘ, ਜਗਦੀਪ ਸਿੰਘ, ਰਮਨਦੀਪ ਕੌਰ, ਬਿਕਰਮਜੀਤ ਕੌਰ, ਕਿਰਨਦੀਪ ਬੱਧਨੀ ਆਦਿ ਹਾਜ਼ਰ ਸਨ।





