ਚੰਡੀਗੜ੍ਹ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਖੁਦਸਾਖਤਾ ਚੀਫ ਅੰਮਿ੍ਰਤਪਾਲ ਸਿੰਘ ਦੇ ਸਹਿਯੋਗੀ ਪੱਪਲਪ੍ਰੀਤ ਸਿੰਘ ਨੂੰ ਸੋਮਵਾਰ ਪੰਜਾਬ ਪੁਲਸ ਅਤੇ ਉਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਗਿ੍ਰਫ਼ਤਾਰ ਕਰ ਲਿਆ। ਆਈ ਜੀ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਪਲਪ੍ਰੀਤ ਸਿੰਘ ਨੂੰ ਅੰਮਿ੍ਰਤਸਰ ਦੇ ਕੱਥੂਨੰਗਲ ਇਲਾਕੇ ’ਚੋਂ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾ ਕਿਹਾ ਕਿ ਪੱਪਲਪ੍ਰੀਤ ਸਿੰਘ ਨੂੰ ਐੱਨ ਐੱਸ ਏ ਤੇ 6 ਹੋਰ ਮਾਮਲਿਆਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਭਗੌੜਿਆਂ ਨੂੰ ਕਾਨੂੰਨ ਅੱਗੇ ਆਤਮ ਸਮਰਪਣ ਕਰਨਾ ਚਾਹੀਦਾ ਹੈ। ਉਨ੍ਹਾ ਇਹ ਵੀ ਕਿਹਾ ਕਿ ਸੂਬੇ ਦੀ ਸਖਤ ਮਿਹਨਤ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਯਾਦਵ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਭਗੌੜਿਆਂ ਨੂੰ ਗਿ੍ਰਫਤਾਰ ਕਰੇਗੀ ਅਤੇ ਅਜਿਹੇ ਫਰਾਰ ਬੰਦੇ ਆਪ ਹੀ ਕਾਨੂੰਨ ਅੱਗੇ ਆਤਮ ਸਮਰਪਣ ਕਰਨ ਤਾਂ ਬਿਹਤਰ ਹੋਵੇਗਾ।
ਅੰਮਿ੍ਰਤਪਾਲ ਸਿੰਘ ਦੇ ਧਾਰਮਕ ਸਥਾਨ ’ਤੇ ਸ਼ਰਨ ਲੈਣ ਦੀਆਂ ਖਬਰਾਂ ਬਾਰੇ ਡੀ ਜੀ ਪੀ ਨੇ ਕਿਹਾ ਕਿ ਧਾਰਮਕ ਸਥਾਨਾਂ ਦੀ ਵਰਤੋਂ ਨਿੱਜੀ ਕਾਰਨਾਂ ਕਰਕੇ ਨਹੀਂ ਕੀਤੀ ਜਾਣੀ ਚਾਹੀਦੀ।





