ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ’ਚ 13 ਅਪ੍ਰੈਲ ਨੂੰ 11 ਵਜੇ ‘ਜਲ੍ਹਿਆਂਵਾਲਾ ਬਾਗ਼ : ਇਤਿਹਾਸਕ ਮਹੱਤਤਾ’ ਵਿਸ਼ੇ ’ਤੇ ਗੰਭੀਰ ਵਿਚਾਰ-ਚਰਚਾ ਹੋਏਗੀ। ਇਸ ਵਿਚਾਰ-ਚਰਚਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਤੀਨਿੱਧ ਅਤੇ ਹਾਜ਼ਰੀਨ ਸ਼ਮੂਲੀਅਤ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਗੀਤਾਂ, ਕਵਿਤਾਵਾਂ ਨਾਲ ਇਤਿਹਾਸਕ/ ਸੱਭਿਆਚਾਰਕ ਵਿਰਾਸਤ ਦੀ ਮਹੱਤਤਾ ਉਪਰ ਵਿਚਾਰਾਂ ਹੋਣਗੀਆਂ।
ਇਸ ਮੌਕੇ ਜ਼ੋਰਦਾਰ ਆਵਾਜ਼ ਉਠਾਈ ਜਾਏਗੀ ਕਿ ਆਜ਼ਾਦੀ ਜਦੋ-ਜਹਿਦ ਦੀ ਮਹਾਨ ਕੌਮੀ ਵਿਰਾਸਤ ਅਤੇ ਇਬਾਦਤਗਾਹ ਦੇ ਮੂਲ ਸਰੂਪ ਨਾਲ ਕੀਤੀ ਛੇੜ-ਛਾੜ ਬਦਲ ਕੇ ਇਸ ਨੂੰ ਮੌਲਿਕ ਰੂਪ ਵਿੱਚ ਸੰਭਾਲਿਆ ਜਾਏ, ਟਿਕਟ ਖਿੜਕੀਆਂ ਬੰਦ ਕੀਤੀਆਂ ਜਾਣ। ਪਰਵੇਸ਼ ਗਲੀ ਵਿਚ ਲਾਈਆਂ ਅਣਪ੍ਰਸੰਗਿਕ ਮੂਰਤਾਂ ਫੌਰਨ ਹਟਾਈਆਂ ਜਾਣ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਰੰਗਕਰਮੀ, ਸਾਹਿਤਕ, ਸੱਭਿਆਚਾਰਕ, ਲੋਕ-ਪੱਖੀ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਪਰਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।




