ਖਡੂਰ ਸਾਹਿਬ (ਸਰਬਜੋਤ ਸੰਧਾ)
ਵਿਸਾਖੀ ਦੇ ਪਵਿੱਤਰ ਇਤਿਹਾਸ ਨੇ ਸਮਾਜ ਨੂੰ ਇੱਕ ਨਵਾਂ ਤੇ ਖੁਸ਼ਹਾਲ ਬਣਾਉਣ ਵਾਲਾ ਰਾਹ ਦਿਖਾਇਆ ਸੀ, ਪਰ ਅਸੀਂ ਉਸ ਰਾਹ ਤੋਂ ਥਿੜਕ ਗਏ ਹਾਂ। ਸਮੇਂ ਦੇ ਹਾਕਮਾਂ ਨੇ ਸਾਨੂੰ ਸਿੱਧੇ ਰਾਹ ਤੋਂ ਕੁਰਾਹੇ ਪਾ ਦਿੱਤਾ ਹੈ। ਜੇ ਅਸੀਂ ਫਿਰ ਗੁਰੂ ਗੋਬਿੰਦ ਸਿੰਘ ਦੇ ਦੱਸੇ ਰਸਤੇ ’ਤੇ ਨਾ ਚੱਲੇ ਤਾਂ ਸਮਾਜ ਵਿੱਚ ਹੋਰ ਗਰੀਬੀ, ਬੇਰੁਜ਼ਗਾਰੀ, ਭੁੱਖ ਦਾ ਪਸਾਰਾ ਵਧੇਗਾ ਤੇ ਸਰਕਾਰਾਂ ਲੋਕਾਂ ਦਾ ਧਿਆਨ ਏਧਰੋਂ ਪਾਸੇ ਕਰਨ ਵਾਸਤੇ ਉਨ੍ਹਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਚਾਲਾਂ ਚਲਦੀਆਂ ਰਹਿਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਖਡੂਰ ਸਾਹਿਬ ਬਲਾਕ ਦੀ ਜਨਰਲ ਬਾਡੀ ਮੀਟਿੰਗ, ਜੋ ਫਤਿਹਾਬਾਦ ਵਿੱਚ ਹੋਈ, ਉਸ ਵਿੱਚ ਪ੍ਰਗਟ ਕੀਤੇ। ਮਾੜੀਮੇਘਾ ਨੇ ਕਿਹਾ ਕਿ ਦੇਸ਼ ਦੇ ਹਾਲਾਤ ਚਿੰਤਾਜਨਕ ਹਨ ਤੇ ਸੀ ਪੀ ਆਈ ਦੀ ਜ਼ਿੰਮੇਵਾਰੀ ਹੈ ਕਿ ਉਹ ਹਾਲਾਤ ਚੰਗੇ ਬਣਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰੇ। ਸੀ ਪੀ ਆਈ ਦੀ ਵਿਚਾਰਧਾਰਾ ਲੋਕ-ਪੱਖੀ ਹੈ, ਇਸ ਲਈ ਇਸ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੀ ਪਾਰਟੀ ਮੈਂਬਰਾਂ ਦੀ ਜ਼ਿੰਮੇਵਾਰੀ ਹੈ। ਪਾਰਟੀ ਨੇ ਵਿਜੇਵਾੜਾ ਕਾਂਗਰਸ ਅਤੇ ਪੁਡੂਚੇਰੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ 14 ਅਪ੍ਰੈਲ ਤੋਂ ਲੈ ਕੇ 15 ਮਈ ਤੱਕ ਦੇਸ਼ ਭਰ ਵਿੱਚ ਪਦ ਯਾਤਰਾ ਭਾਵ ਜਥਾ ਮਾਰਚ ਕਰਕੇ ਆਵਾਮ ਨੂੰ ਮੋਦੀ ਤੇ ਸ਼ਾਹ ਦੀਆਂ ਲੋਕ-ਵਿਰੋਧੀ ਨੀਤੀਆਂ ਪ੍ਰਤੀ ਸੁਚੇਤ ਰੂਪ ਵਿੱਚ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾਵੇਗਾ। ਦੇਸ਼ ਦੀ ਆਪੋਜ਼ੀਸ਼ਨ ਕੇਂਦਰ ਸਰਕਾਰ ਦੀ ਇਸ ਫਾਸ਼ੀਵਾਦੀ ਨੀਤੀ ਵਿਰੁੱਧ ਇਕੱਠੀ ਹੋ ਰਹੀ ਹੈ ਮੋਦੀ-ਸ਼ਾਹ ਨੂੰ ਭਾਂਜ ਦੇਣ ਵਾਸਤੇ। ਸੀ ਪੀ ਆਈ ਆਪੋਜ਼ੀਸ਼ਨ ਦੇ ਨਾਲ ਹੁੰਦਿਆਂ ਹੋਇਆਂ ਵੀ ਇਹ ਆਖਦੀ ਹੈ ਕਿ ਠੀਕ ਹੈ ਕਿ ਇਕੱਠੇ ਹੋ ਕੇ ਇੱਕ ਵਾਰ ਮੋਦੀ ਨੂੰ ਰੋਕਿਆ ਜਾ ਸਕਦਾ ਹੈ, ਪਰ ਪੱਕੇ ਰੂਪ ਵਿੱਚ ਤਾਂ ਹੀ ਠੱਲ੍ਹ ਪੈ ਸਕਦੀ ਹੈ, ਜੇ ਹਰੇਕ ਮਨੁੱਖ ਨੂੰ ਮੁਫਤ ਘਰ, ਰੁਜ਼ਗਾਰ, ਵਿਦਿਆ ਤੇ ਸਿਹਤ ਦੇਣ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ। ਸੀ ਪੀ ਆਈ ਪਹਿਲਾਂ ਹੀ ਸੰਘਰਸ਼ ਕਰ ਰਹੀ ਹੈ ਕਿ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ। ਪਾਰਟੀ ਜਿਹੜੀ ਪਦ ਯਾਤਰਾ ਕਰ ਰਹੀ ਹੈ, ਉਸ ਵਿੱਚ ਵੀ ਇਸ ਮੰਗ ਨੂੰ ਉਚੇਚੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਖਡੂਰ ਸਾਹਿਬ ਬਲਾਕ ਨੇ 12 ਮਈ ਪਦ ਯਾਤਰਾ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਮੀਟਿੰਗ ਨੂੰ ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਜ਼ਿਲ੍ਹਾ ਕੌਂਸਲ ਮੈਂਬਰ ਬਲਜੀਤ ਸਿੰਘ ਤੇ ਹਰਜੀਤ ਕੌਰ ਫਤਿਹਾਬਾਦ, ਬਲਦੇਵ ਸਿੰਘ ਧੂੰਦਾ ਤੇ ਗੁਰਚਰਨ ਸਿੰਘ ਕੰਢਾ, ਨੇ ਵੀ ਸੰਬੋਧਨ ਕੀਤਾ।





