ਜਲੰਧਰ : ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਕੀਤੇ ਸਮਾਗਮ ’ਚ ਜੁੜੇ ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ਹੇਠ ਇਤਿਹਾਸਕ ਵਿਰਾਸਤ ਅਤੇ ਇਬਾਦਤਗਾਹ ਦਾ ਮੂਲ ਸਰੂਪ ਬਦਲ ਕੇ ਇਸ ਨੂੰ ਸੈਰਗਾਹ ਅਤੇ ਸੌੜੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਨ ਵਾਲੇ ਸਥਾਨ ਵਿੱਚ ਬਦਲਣਾ ਬੰਦ ਕੀਤਾ ਜਾਵੇ। ਸਮਾਗਮ ਨੇ ਜ਼ੋਰ ਦੇ ਕੇ ਕਿਹਾ ਕਿ ਸਾਮਰਾਜਵਾਦ ਅਤੇ ਉਸ ਦੀਆਂ ਹਿੱਤ-ਪਾਲਕ ਤਾਕਤਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੈ ਕਿ ਉਹ ਸਮੂਹ ਇਤਿਹਾਸਕ ਯਾਦਗਾਰਾਂ, ਵਿਦਿਅਕ ਸਿਲੇਬਸਾਂ, ਇਤਿਹਾਸਕ, ਸਾਹਿਤਕ, ਸੱਭਿਆਚਾਰਕ ਅਤੇ ਕਲਾਤਮਕ ਰੂਪਾਂ ਦਾ ਹੁਲੀਆ ਵਿਗਾੜ ਕੇ ਪੇਸ਼ ਕੀਤਾ ਜਾਏ ਤਾਂ ਜੋ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਝੋਲੀ ’ਚ ਧੜਾ-ਧੜ ਪਾਏ ਜਾ ਰਹੇ ਕੁਦਰਤੀ ਮਾਲ ਖਜ਼ਾਨਿਆਂ, ਨਿੱਜੀਕਰਨ ਖਿਲਾਫ਼ ਉੱਠਣ ਵਾਲੇ ਜਨਤਕ ਪ੍ਰਤੀਰੋਧ ਨੂੰ ਥਾਏਂ ਨੱਪਿਆ ਜਾ ਸਕੇ। ਸਮਾਗਮ ਦਾ ਆਗਾਜ਼ ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਿਜਦਾ ਕਰਕੇ ਮਨਪ੍ਰੀਤ ਕੌਰ, ਸਰਵਜੀਤ ਕੌਰ ਅਤੇ ਧਰਮਿੰਦਰ ਮਸਾਣੀ ਦੇ ਗੀਤਾਂ ਨਾਲ ਹੋਇਆ। ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਵਿਜੈ ਬੰਬੇਲੀ, ਲਾਇਬੇ੍ਰਰੀ ਕਮੇਟੀ ਦੇ ਕਨਵੀਨਰ ਪ੍ਰੋ. ਗੋਪਾਲ ਬੁੱਟਰ, ਜਾਣੇ-ਪਹਿਚਾਣੇ ਵਿਦਵਾਨ ਡਾ. ਹਰਜਿੰਦਰ ਸਿੰਘ ਅਟਵਾਲ, ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਫੁੱਗਲਾਣਾ ਨੇ ਸੰਬੋਧਨ ਕੀਤਾ।
ਸਮੂਹ ਬੁਲਾਰਿਆਂ ਨੇ ਆਪੋ-ਆਪਣੇ ਵਿਸ਼ੇ ’ਤੇ ਕੇਂਦਰਤ ਰਹਿੰਦਿਆਂ ਜਿੱਥੇ 1919 ਦੇ ਪੰਜਾਬ ਦੇ ਰਾਜਨੀਤਕ, ਆਰਥਕ, ਸਮਾਜਕ ਹਾਲਾਤ, ਗ਼ੁਲਾਮੀ ਅਤੇ ਦਾਬੇ ਖਿਲਾਫ਼ ਪਨਪਦੇ ਲਾਵੇ ਦਾ ਜ਼ਿਕਰ ਕੀਤਾ, ਉਥੇ ਸਾਮਰਾਜ ਅਤੇ ਫ਼ਿਰਕਾਪ੍ਰਸਤੀ ਖਿਲਾਫ਼ ਜਿਉਂਦੇ, ਜਾਗਦੇ ਅਤੇ ਜੂਝਦੇ ਰਹੇ ਪੰਜਾਬ ਦੀ ਮਾਣ-ਮੱਤੀ ਤਸਵੀਰ ਪੇਸ਼ ਕੀਤੀ। ਬੁਲਾਰਿਆਂ ਨੇ ਇਤਿਹਾਸਕ ਤੱਥਾਂ ਨਾਲ ਦਰਸਾਇਆ ਕਿ ਆਜ਼ਾਦੀ ਦੀ ਤਵਾਰੀਖ਼ ਦਾ ਨਵਾਂ ਇਤਿਹਾਸਕ ਮੀਲ ਪੱਥਰ ਬਣ ਕੇ ਉਭਰਿਆ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਜਿਸ ਨੇ ਅੰਗਰੇਜ਼-ਭਗਤੀ ਅਤੇ ਲੋਕ-ਭਗਤੀ ਦੀਆਂ ਧਿਰਾਂ ਪੰਜਾਬ ਦੇ ਸਿਆਸੀ ਮੰਚ ’ਤੇ ਨਿਖ਼ਾਰ ਕੇ ਸਾਹਮਣੇ ਲਿਆਂਦੀਆਂ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਜੋਕੇ ਹਾਲਾਤ 1919 ਨਾਲੋਂ ਵੀ ਬਦਤਰ ਹਨ। ਲੋਕਾਂ ਉਪਰ ਚੌਤਰਫ਼ੇ ਬੋਝ ਲੱਦਣ, ਫ਼ਿਰਕੂ ਵੰਡੀਆਂ ਪਾਉਣ, ਜ਼ੁਬਾਨਬੰਦੀ ਕਰਨ ਵਿਸ਼ੇਸ਼ ਕਰਕੇ ਪ੍ਰੈਸ ਦੀ ਆਜ਼ਾਦੀ ਉਪਰ ਹੱਲੇ ਬੋਲਣ ਅਤੇ ਵਿਉਂਤਬੱਧ ਢੰਗ ਨਾਲ ਤਿਆਰ ਕੀਤੀ ਸਕਰਿਪਟ ਮੁਤਾਬਕ ਪਹਿਲਾ ਫ਼ਿਰਕੂ ਮਾਹੌਲ ਸਿਰਜਣ, ਫਿਰ ਅਮਨ ਕਾਨੂੰਨ ਦੀ ਆੜ ਹੇਠ ਕਾਲ਼ੇ ਕਾਨੂੰਨ ਮੜਨ ਦੇ ਹੱਥ-ਕੰਡੇ ਅਪਣਾਏ ਜਾ ਰਹੇ ਹਨ। ਸਮਾਗਮ ’ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਮਤੇ ਪਾਸ ਕਰਦਿਆਂ ਮੰਗ ਕੀਤੀ ਕਿ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਦੇ ਮੂਲ ਸਰੂਪ ਨੂੰ ਬਹਾਲ ਕਰਨ ਲਈ ਚਿਰਾਂ ਤੋਂ ਉੱਠ ਰਹੀ ਲੋਕ ਆਵਾਜ਼ ਵੱਲ ਕੰਨ ਕੀਤਾ ਜਾਏ। ਬਾਕੀ ਰਹਿੰਦੀਆਂ ਟਿਕਟ ਮਸ਼ੀਨਾਂ ਅਤੇ ਖਿੜਕੀਆਂ ਫੌਰੀ ਹਟਾਈਆਂ ਜਾਣ।
ਗੋਲੀਆਂ ਦੇ ਨਿਸ਼ਾਨ, ਸ਼ਹੀਦੀ ਖੂਹ, ਮਸ਼ੀਨਗੰਨ ਦੇ ਫਾਇਰ-ਸਥਾਨ ਨੂੰ ਉਭਰਵੇਂ ਰੂਪ ਵਿੱਚ ਸੰਭਾਲਿਆ ਜਾਏ। ਸ਼ਹੀਦਾਂ ਦੀ ਲਿਸਟ ਅਤੇ ਇਤਿਹਾਸਕ ਪ੍ਰਮਾਣ ਮਿਊਜ਼ੀਅਮ ਵਿੱਚ ਲਗਾਏ ਜਾਣ।
ਲਾਈਟ ਐਂਡ ਸਾਊਂਡ ਸਮੇਤ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਪ੍ਰਮਾਣਕਿਤਾ ਦੀ ਜਾਮਨੀ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਸਮੇਤ ਪ੍ਰਤੀਬੱਧਤ ਇਤਿਹਾਸਕਾਰਾਂ ਦੀ ਕਮੇਟੀ ਨੂੰ ਢੁਕਵਾਂ ਸਥਾਨ ਦਿੱਤਾ ਜਾਏ। ਪੰਜਾਬ ਵਿੱਚ ਫਸਲਾਂ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਦੇਣ ਅਤੇ ਕਣਕ ਦੇ ਭਾਅ ’ਚ ਕੀਤੀ ਕਟੌਤੀ ਬੰਦ ਕਰਨ ਦੀ ਮੰਗ ਦੀ ਵੀ ਹਮਾਇਤ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।





