ਭਾਜਪਾ ਨੂੰ 2024 ’ਚ ਨਾ ਹਰਾਇਆ ਤਾਂ ਸੰਸਦੀ ਲੋਕਤੰਤਰ ਖਤਰੇ ’ਚ : ਅਰਸ਼ੀ

0
270

ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ ਫਰੀਦਕੋਟ ਵੱਲੋਂ ਬਜ਼ੁਰਗ ਕਾਮਰੇਡ ਸ਼ਾਮ ਸੁੰਦਰ ਦੀ ਪ੍ਰਧਾਨਗੀ ਹੇਠ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਜ਼ਿਲ੍ਹਾ ਕੌਂਸਲ ਦੀ ਵਧਾਈ ਹੋਈ ਭਰਵੀਂ ਮੀਟਿੰਗ ਨੂੰ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਅਰਸ਼ੀ ਨੇ ਸੰਬੋਧਨ ਕਰਦੇ ਹੋਏ ਮੋਦੀ ਸਰਕਾਰ ਦੀਆਂ ਤਾਨਾਸ਼ਾਹ ਅਤੇ ਲੋਕ-ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਰਸ਼ੀ ਪਾਰਟੀ ਵੱਲੋਂ ਦੇਸ਼ ਭਰ ਵਿੱਚ 15 ਅਪ੍ਰੈਲ ਤੋਂ 15 ਮਈ ਤੱਕ ਚੱਲਣ ਵਾਲੀ ਜਨ-ਸੰਪਰਕ ਮੁਹਿੰਮ ਦੀ ਤਿਆਰੀ ਦੇ ਸਿਲਸਿਲੇ ਵਿੱਚ ਆਏ ਸਨ। ਇਹ ਜਾਣਕਾਰੀ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ, ਮੀਤ ਸਕੱਤਰ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਅਤੇ ਬਲਵੀਰ ਸਿੰਘ ਔਲਖ ਨੇ ਦਿੰਦੇ ਹੋਏ ਦੱਸਿਆ ਕਿ 30 ਅਪ੍ਰੈਲ ਤੱਕ ਜ਼ਿਲੇ੍ਹ ਦੇ ਸ਼ਹਿਰਾਂ, ਕਸਬਿਆਂ ਅਤੇ ਮੰਡੀਆਂ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪਹਿਲੀ ਮਈ ਤੋਂ ਪਿੰਡਾਂ ਵਿੱਚ ਪਾਰਟੀ ਦਾ ਪ੍ਰੋਗਰਾਮ ਲੈ ਕੇ ਜਾਇਆ ਜਾਵੇਗਾ। ਉਹਨਾ ਦੱਸਿਆ ਕਿ ਮੋਦੀ ਰਾਜ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਸਿਖਰਾਂ ’ਤੇ ਹੈ। ਦੇਸ਼ ਦੀ ਦੌਲਤ ਅਤੇ ਸਰਕਾਰੀ ਜਾਇਦਾਦ ਅੰਬਾਨੀ-ਅਡਾਨੀ ਆਦਿ ਕਾਰਪੋਰੇਟ ਮਗਰਮੱਛਾਂ ਦੇ ਹਵਾਲੇ ਕੀਤੀ ਜਾ ਰਹੀ ਹੈ, ਜਦਕਿ ਆਮ ਲੋਕ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਤਰਸ ਰਹੇ ਹਨ। ਸਰਕਾਰ ਲੋਕਾਂ ਦਾ ਅਸਲ ਮਸਲਿਆਂ ਤੋਂ ਧਿਆਨ ਹਟਾਉਣ ਲਈ ਫਿਰਕੂ ਧਰੁਵੀਕਰਨ ਅਤੇ ਘੱਟ ਗਿਣਤੀਆਂ ਖਿਲਾਫ ਨਫ਼ਰਤ ਫੈਲਾਉਣ ਦੀ ਨੀਤੀ ’ਤੇ ਚੱਲ ਰਹੀ ਹੈ।
ਜਨਰਲ ਮੀਟਿੰਗ ਨੂੰ ਸਾਬਕਾ ਅਧਿਆਪਕ ਆਗੂ ਬਲਦੇਵ ਸਿੰਘ ਸਹਿਦੇਵ, ਕਿਸਾਨ ਆਗੂ ਹਰਪਾਲ ਮਚਾਕੀ, ਆਸ਼ਾ ਵਰਕਰ ਯੂਨੀਅਨ ਏਟਕ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਮਨਜੀਤ ਕੌਰ, ਜਨਰਲ ਸਕੱਤਰ ਸ਼ਸ਼ੀ ਸ਼ਰਮਾ, ਨੌਜਵਾਨ ਆਗੂ ਚਰਨਜੀਤ ਚੰਮੇਲੀ, ਵਿਦਿਆਰਥੀ ਆਗੂ ਗੁਰਪ੍ਰੀਤ ਸਿੰਘ, ਪੈਨਸ਼ਨਰ ਆਗੂ ਗੁਰਚਰਨ ਸਿੰਘ ਮਾਨ ਅਤੇ ਸੋਮ ਨਾਥ ਅਰੋੜਾ ਨੇ ਵੀ ਸੰਬੋਧਨ ਕਰਦੇ ਹੋਏ ਪਾਰਟੀ ਦੀ ਜਨ-ਸੰਪਰਕ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੁਖਮੰਦਰ ਸਿੰਘ ਰਾਮਸਰ, ਪੀ ਆਰ ਟੀ ਸੀ ਪੈਨਸ਼ਨਰ ਆਗੂ ਸੁਖਚਰਨ ਸਿੰਘ, ਗੁਰਦੀਪ ਭੋਲਾ, ਦਰਜਾ ਚਾਰ ਦੇ ਨਛੱਤਰ ਸਿੰਘ ਭਾਣਾ ਅਤੇ ਰਮੇਸ਼ ਢੈਪਈ ਵੀ ਹਾਜ਼ਰ ਸਨ। ਇੱਕ ਮਤਾ ਪਾਸ ਕਰਕੇ ਹਿੰਡਨਬਰਗ ਰਿਪੋਰਟ ਨਾਲ ਸਾਹਮਣੇ ਆਏ ਗੌਤਮ ਅਡਾਨੀ ਘਪਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ, ਜੰਮੂ-ਕਸ਼ਮੀਰ ਦੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਵੱਲੋਂ ਫਰਵਰੀ 2019 ਦੇ ਪੁਲਵਾਮਾ ਹਮਲੇ ਸੰਬੰਧੀ ਕੀਤੇ ਖੁਲਾਸੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।

LEAVE A REPLY

Please enter your comment!
Please enter your name here