ਹੈਦਰਾਬਾਦ
(ਨਵਾਂ ਜ਼ਮਾਨਾ ਸਰਵਿਸ)
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਨਿੱਚਰਵਾਰ ਤਿਲੰਗਾਨਾ ਸਰਕਾਰ ਵੱਲੋਂ ਗਿੱਗ ਵਰਕਰਾਂ ਦੀ ਭਲਾਈ ਲਈ ਬਣਾਏ ਗਏ ਕਾਨੂੰਨ ਨੂੰ ਕਾਮਿਆਂ ਨੂੰ ਸਮਰਪਤ ਕਰਦਿਆਂ ਉਨ੍ਹਾਂ ਨੂੰ ਅਰਥ-ਵਿਵਸਥਾ ਦੀ ਨੀਂਹ ਅਤੇ ਤਰੱਕੀ ਵਿੱਚ ਭਾਈਵਾਲ ਦੱਸਿਆ | ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾ ਦੋਸ਼ ਲਾਇਆ ਕਿ ਭਾਜਪਾ-ਆਰ ਐੱਸ ਐੱਸ ਦੀ ਵਿਚਾਰਧਾਰਾ ਦਾ ਉਦੇਸ਼ ਅਡਾਨੀ ਤੇ ਅੰਬਾਨੀ ਵਰਗੇ ਵੱਡੇ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣਾ ਹੈ, ਜਦੋਂ ਕਿ ਕਾਮਿਆਂ ਨਾਲ ਬੰਧੂਆ ਮਜ਼ਦੂਰਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ | ਰਾਹੁਲ ਗਾਂਧੀ, ਜਿਨ੍ਹਾ ਗਿੱਗ ਵਰਕਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇੱਥੇ ਉਨ੍ਹਾਂ ਨਾਲ ਇੱਕ ਬਾਈਕ ਰੈਲੀ ਵਿੱਚ ਹਿੱਸਾ ਲਿਆ, ਨੇ ਕਿਹਾ ਕਿ ਕਾਂਗਰਸ ਨੇ ਸੂਬਾ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਲਾਗੂ ਕਰਵਾ ਕੇ ਗਿੱਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਅਤੇ ਬਚਾਅ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ | ਉਨ੍ਹਾ ਕਿਹਾ ਕਿ ਇਸ ਕਾਨੂੰਨ ਤਹਿਤ ਗਿੱਗ ਵਰਕਰ ਪੰਜ ਲੱਖ ਰੁਪਏ ਦੇ ਦੁਰਘਟਨਾ ਬੀਮੇ, 10 ਲੱਖ ਰੁਪਏ ਦੇ ਸਿਹਤ ਬੀਮੇ ਦੇ ਹੱਕਦਾਰ ਹੋਣਗੇ ਅਤੇ ਸਰਕਾਰ ਵੱਲੋਂ ਵਾਈ-ਫਾਈ ਸਹੂਲਤ ਵਾਲੇ ਆਰਾਮ ਘਰ (ਰੈੱਸਟ ਜ਼ੋਨ) ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ, ਉਨ੍ਹਾ ਦੇ ਕੈਬਨਿਟ ਸਹਿਯੋਗੀ ਅਤੇ ਹੋਰ ਕਾਂਗਰਸ ਆਗੂ ਹਾਜ਼ਰ ਸਨ |
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ ਆਪਣੀ ‘ਭਾਰਤ ਜੋੜੋ ਯਾਤਰਾ’ ਦੌਰਾਨ ਗਿੱਗ ਵਰਕਰਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਸਾਲ ਮਾਰਚ ਵਿੱਚ ‘ਤਿਲੰਗਾਨਾ ਪਲੇਟਫਾਰਮ ਆਧਾਰਿਤ ਗਿੱਗ ਵਰਕਰਜ਼ (ਰਜਿਸਟਰੇਸ਼ਨ, ਸਮਾਜਿਕ ਸੁਰੱਖਿਆ ਅਤੇ ਭਲਾਈ) ਬਿੱਲ, 2026’ ਪਾਸ ਕੀਤਾ ਸੀ |





