ਭਵਾਨੀਗੜ੍ਹ : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟੋਲ ਪਲਾਜ਼ਾ ਕਾਲਾਝਾੜ ਨੂੰ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਕਥਿਤ ਤੌਰ ’ਤੇ ਮੁਹੱਈਆ ਨਾ ਕਰਾਉਣ ਦੇ ਰੋਸ ਵਜੋਂ ਸੋਮਵਾਰ ਇਕ ਦਿਨ ਲਈ ਪਰਚੀ ਮੁਕਤ ਕੀਤਾ।
ਉਨ੍ਹਾ ਟੋਲ ਪਲਾਜ਼ਾ ਮੈਂਟੀਨੈਂਸ ਅਥਾਰਟੀ ਨੂੰ ਸਾਰੀਆਂ ਸਹੂਲਤਾਂ 20 ਦਿਨਾਂ ਅੰਦਰ ਲਾਗੂ ਕਰਨ ਦਾ ਅਲਟੀਮੇਟਮ ਦਿੱਤਾ ਹੈ। ਭਰਾਜ ਨੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਉਨ੍ਹਾ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਦੇ ਦੌਰੇ ਦੌਰਾਨ ਪ੍ਰਬੰਧਕਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ 15 ਅਪਰੈਲ ਤੱਕ ਮੁੱਖ ਮਾਰਗ ਦੀ ਮੁਰੰਮਤ ਕਰਨ, ਲਾਈਟਾਂ ਅਤੇ ਸੜਕ ਹਾਦਸੇ ਦੌਰਾਨ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇਣ ਆਦਿ ਵਰਗੀਆਂ ਜ਼ਰੂਰੀ ਸਹੂਲਤਾਂ ਲੋਕਾਂ ਨੂੰ ਨਾ ਦਿੱਤੀਆਂ ਗਈਆਂ ਤਾਂ ਉਹ ਟੋਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਕਤ ਕਰਨ ਦਾ ਕਦਮ ਉਠਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਮਿਆਦ ਖਤਮ ਹੋਣ ਦੇ ਬਾਵਜੂਦ ਅਜੇ ਤੱਕ ਵੀ ਅਥਾਰਟੀ ਵੱਲੋਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਭਰਾਜ ਨੇ ਖੁਦ ਟੋਲ ਪਲਾਜ਼ਾ ਦੇ ਬੈਰੀਕੇਡ ਖੋਲਕੇ ਇੱਕ ਦਿਨ ਲਈ ਪਰਚੀ ਮੁਕਤ ਕਰ ਦਿੱਤਾ। ਇਸ ਉਪਰੰਤ ਸਾਰੇ ਵਾਹਨ ਪਰਚੀ ਕਟਾਉਣ ਤੋਂ ਬਿਨਾਂ ਹੀ ਜਾਣ ਲੱਗ ਪਏ। ਭਰਾਜ ਨੇ ਮੈਨੇਜਮੈਂਟ ਅਥਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਸਹੂਲਤਾਂ ਲਾਗੂ ਨਾ ਕਰਨ ਖਿਲਾਫ ਤਿੱਖਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇ 20 ਦਿਨਾਂ ਅੰਦਰ ਸਹੂਲਤਾਂ ਲਾਗੂ ਨਾ ਦਿੱਤੀਆਂ ਤਾਂ ਟੋਲ ਪਲਾਜ਼ਾ ਕਾਲਾਝਾੜ ਨੂੰ ਪੱਕੇ ਤੌਰ ’ਤੇ ਪਰਚੀ ਮੁਕਤ ਕੀਤਾ ਜਾਵੇਗਾ।




