ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ/ਨਿਸ਼ਾਨ ਸਿੰਘ ਬਣਵਾਲਾ)
ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ। ਸਮਾਗਮ ਦੌਰਾਨ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੰਤਮ ਅਰਦਾਸ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਕੀਤੀ। ਇਸ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਗਿਆਨੀ ਪ੍ਰਨਾਮ ਸਿੰਘ, ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਅਤੇ ਹਜ਼ੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੇ ਨੁਮਾਇੰਦੇ ਵੱਲੋਂ ਅੰਤਮ ਅਰਦਾਸ ਸਮਾਗਮ ਵਿੱਚ ਹਾਜ਼ਰੀ ਲਗਾਈ ਗਈ। ਵੱਖ-ਵੱਖ ਰਾਜਨੀਤਕ, ਧਾਰਮਕ ਅਤੇ ਸਮਾਜਕ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੀ ਪੀ ਆਈ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਦੇ ਅਖੀਰ ਵਿਚ ਅਕਾਲੀ ਲੀਡਰਸ਼ਿਪ ਵੱਲੋਂ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਨਿਰਮਲ ਸਿੰਘ ਦੇ ਭਤੀਜੇ ਜਗਮੀਤ ਸਿੰਘ ਨੂੰ ਪੱਗ ਦੇ ਕੇ ਉਸ ਨੂੰ ਨਿਰਮਲ ਸਿੰਘ ਦਾ ਸਿਆਸੀ ਵਾਰਸ ਘੋਸ਼ਿਤ ਕਰਦਿਆਂ ਪਰਵਾਰ ਦੇ ਹਰ ਦੁੱਖ-ਸੁੱਖ ਵਿੱਚ ਖੜੇ ਹੋਣ ਦਾ ਐਲਾਨ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਰਮਲ ਸਿੰਘ ਹਰਿਆਊ ਇਕ ਉੱਚੇ-ਸੁੱਚੇ ਕਿਰਦਾਰ ਵਾਲੇ ਸਿਆਸੀ ਆਗੂ ਸਨ।
ਅਕਾਲੀ ਦਲ ਤੋਂ ਇਲਾਵਾ ਦੂਜੀਆਂ ਪਾਰਟੀਆਂ ਅਤੇ ਸਮਾਜਕ ਸੰਸਥਾਵਾਂ ਦੇ ਲੋਕ ਵੀ ਉਨ੍ਹਾ ਦਾ ਓਨਾ ਹੀ ਸਤਿਕਾਰ ਕਰਦੇ ਸਨ, ਜਿੰਨਾ ਉਨ੍ਹਾ ਦੀ ਆਪਣੀ ਪਾਰਟੀ ਦੇ ਵਰਕਰ ਤੇ ਆਗੂ। ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋ ਹਰਿਆਊ ਪਰਵਾਰ ਦੀ ਬਾਦਲ ਪਰਵਾਰ ਨਾਲ ਨਿੱਜੀ ਸਾਂਝ ਹੈ। ਐੱਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਊ ਵਿਚ ਨਿਮਰਤਾ ਤੇ ਸਹਿਜ ਸਭ ਤੋਂ ਵੱਡਾ ਗੁਣ ਸੀ, ਜੋ ਉਹਨਾ ਨੂੰ ਆਮ ਲੀਡਰਾਂ ਨਾਲੋਂ ਵੱਖ ਕਰਦਾ ਸੀ।
ਸੀ ਪੀ ਆਈ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਇੱਕ ਚੰਗੇ ਲੀਡਰ ਦਾ ਇਸ ਤਰ੍ਹਾਂ ਚਲੇ ਜਾਣਾ ਸਮਾਜ ਲਈ ਬੇਹੱਦ ਨੁਕਸਾਨਦਾਇਕ ਹੈ, ਕਿਉਂਕਿ ਅਜੋਕੇ ਸਮੇਂ ਵਿੱਚ ਜਦੋਂ ਸਮਾਜਕ ਕਦਰਾਂ-ਕੀਮਤਾਂ ਲਗਾਤਾਰ ਨਿੱਘਰਦੀਆਂ ਜਾ ਰਹੀਆਂ ਹਨ, ਉਸ ਸਮੇਂ ਅਜਿਹੇ ਲੀਡਰਾਂ ਤੋਂ ਮਿਲਣ ਵਾਲੀ ਸੇਧ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਪਾਰਟੀ ਦੇ ਨਾਲ-ਨਾਲ ਵਧੀਆ ਕਾਰੋਬਾਰੀ ਹੋਣਾ ਉਹਨਾ ਨੂੰ ਇੱਕ ਸਫਲ ਇਨਸਾਨ ਸਾਬਤ ਕਰਦਾ ਹੈ।
ਸ਼ਰਧਾਂਜਲੀ ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿਤਾ, ਵਿਧਾਇਕ ਗੁਰਲਾਲ ਘਨੌਰ, ਇੰਡਸਟਰੀਅਲ ਕਾਰਪੋਰੇਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਕੁਦਨੀ ਤੋਂ ਇਲਾਵਾ ਹਰਦਿਆਲ ਸਿੰਘ ਕੰਬੋਜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਦਨ ਲਾਲ ਜਲਾਲਪੁਰ, ਜਗਤਾਰ ਸਿੰਘ ਰਾਜਲਾ, ਰੋਜੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ (ਸਾਰੇ ਸਾਬਕਾ ਵਿਧਾਇਕ), ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਕੁਲਵੰਤ ਸਿੰਘ ਮੌਲਵੀਵਾਲਾ, ਐੱਸ ਪੀ ਜਸ਼ਨਦੀਪ ਸਿੰਘ ਮਾਨ, ਸੇਵਾ-ਮੁਕਤ ਐੱਸ ਪੀ ਸੁਖਦੇਵ ਸਿੰਘ ਵਿਰਕ, ਹਰਪ੍ਰੀਤ ਸਿੰਘ ਸਿੱਧੂ, ਡੀ ਐੱਸ ਪੀ ਗੁਰਦੀਪ ਸਿੰਘ ਦਿਉਲ, ਐੱਸ ਜੀ ਪੀ ਸੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਆਦਿ ਨੇ ਪਹੁੰਚ ਕੇ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।





