ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਕਿਹਾ ਕਿ ਯੂ ਪੀ ਦੇ ਅਪਰਾਧੀ ਨੂੰ ਰੋਪੜ ਜੇਲ੍ਹ ’ਚ ਸੁੱਖ- ਸਹੂਲਤਾਂ ਦੇ ਕੇ ਰੱਖਿਆ ਗਿਆ ਸੀ ਤੇ ਉਸ ਖਿਲਾਫ 48 ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਉਸ ਅਪਰਾਧੀ ਨੂੰ ਬਚਾਉਣ ਲਈ ਰਾਜ ਸਰਕਾਰ ਦੇ ਖਾਤੇ ’ਚੋਂ ਮਹਿੰਗੇ ਵਕੀਲ ਕੀਤੇ ਤੇ ਖਜ਼ਾਨੇ ’ਤੇ 55 ਲੱਖ ਰੁਪਏ ਦਾ ਭਾਰ ਪਾਇਆ ਗਿਆ। ਉਨ੍ਹਾ ਕਿਹਾ-ਮੈਂ ਲੋਕਾਂ ਦੇ ਟੈਕਸ ’ਚੋਂ ਖਰਚੇ ਵਾਲੀ ਫਾਈਲ ਵਾਪਸ ਮੋੜ ਦਿੱਤੀ ਹੈ, ਜਿਹੜੇ ਮੰਤਰੀਆਂ ਦੇ ਹੁਕਮਾਂ ’ਤੇ ਇਹ ਫੈਸਲਾ ਹੋਇਆ ਹੈ, ਖਰਚਾ ਉਨ੍ਹਾਂ ਤੋਂ ਵਸੂਲਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਈ ਪੁਲਸ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਜਨਵਰੀ 2019 ਤੋਂ ਅਪਰੈਲ 2021 ਤੱਕ ਦੋ ਸਾਲ ਅਤੇ ਤਿੰਨ ਮਹੀਨੇ ਰੋਪੜ ਦੀ ਜੇਲ੍ਹ ’ਚ ਬੰਦ ਰਿਹਾ। ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ।
ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਵੱਲੋਂ ਕਰਵਾਈ ਜਾਂਚ ’ਚ ਕੁਝ ਜੇਲ੍ਹ ਅਧਿਕਾਰੀਆਂ ਖਿਲਾਫ ਕਥਿਤ ਤੌਰ ’ਤੇ ਰਿਸ਼ਵਤ ਲੈਣ ਅਤੇ ਅਨਸਾਰੀ ਨੂੰ ਰੋਪੜ ਜੇਲ੍ਹ ’ਚ ਰੱਖਣ ਦੇ ਦੋਸ਼ ਹੇਠ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ‘ਆਪ’ ਸਰਕਾਰ ਨੇ ਪਿਛਲੇ ਸਾਲ ਜਾਂਚ ਦੇ ਹੁਕਮ ਦਿੱਤੇ ਸਨ। ਮਾਨ ਨੇ ਕਿਹਾ ਕਿ ਉਸ ਖਿਲਾਫ 48 ਵਾਰ ਵਾਰੰਟ ਜਾਰੀ ਕੀਤੇ ਗਏ ਸਨ ਤਾਂ ਜੋ ਉਸ ਨੂੰ ਯੂ ਪੀ ਭੇਜਿਆ ਜਾ ਸਕੇ, ਪਰ ਕੋਈ ਫਾਇਦਾ ਨਹੀਂ ਹੋਇਆ।




