ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ

0
242

ਸ਼ਾਹਕੋਟ (ਗਿਆਨ ਸੈਦਪੁਰੀ)
ਬੱਸ ਅੱਡਾ ਸ਼ਾਹਕੋਟ ’ਤੇ ਇੱਕ 30-32 ਸਾਲ ਦੀ ਔਰਤ ਖੜੀ ਹੈ। ਚਿਹਰਾ ਉਦਾਸ। ਹਾਵ-ਭਾਵ ਦੱਸਦੇ ਹਨ ਕਿ ਉਹ ਬੇ-ਚੈਨ ਹੈ। ਲੱਗਦਾ ਹੈ ਕਿ ਉਹ ਬੱਸ ਦੀ ਇੰਤਜ਼ਾਰ ਵਿੱਚ ਹੈ, ਪਰ ਬੱਸਾਂ ਤਾਂ ਕਈ ਲੰਘ ਗਈਆਂ। ਉਹ ਕਿਸੇ ਬੱਸ ਵਿੱਚ ਸਵਾਰ ਨਹੀਂ ਹੋਈ। ਬੱਸ ਅੱਡੇ ਦੇ ਸਾਹਮਣੇ ਸਥਿਤ ਬਲਜੀਤ ਨਿਊਜ਼ ਏਜੰਸੀ ’ਤੇ ਕੁਝ ਬੰਦੇ ਸਿਆਸਤ ਬਾਰੇ ਚਰਚਾ ਕਰ ਰਹੇ ਹਨ। ਉਹ ਦੁਖਿਆਰੀ ਜਿਹੀ ਦਿਸਦੀ ਔਰਤ ਉਸ ਖੁੰਢ ਚਰਚਾ ਵਿੱਚ ਮਰੀਅਲ ਜਿਹਾ ਹੁੰਗਾਰਾ ਦੇਣ ਲੱਗ ਪਈ।
ਸਿਆਸੀ ਚਰਚਾ ਤੋਂ ਬਾਅਦ ਜਦੋਂ ਗੱਲ ਸਮਾਜਿਕ ਅਧੋਗਤੀ ਦੀ ਚੱਲੀ ਤਾਂ ਪ੍ਰੇਮ ਵਿਆਹਾਂ ਤੋਂ ਬਾਅਦ ਟੁੱਟ ਰਹੇ ਰਿਸ਼ਤਿਆਂ ਦਾ ਜ਼ਿਕਰ ਹੋਇਆ। ਉਸ ਉਦਾਸ ਚਿਹਰੇ ਵਾਲੀ ਔਰਤ ਦੀਆਂ ਅੱਖਾਂ ’ਚੋਂ ਅੱਥਰੂ ਛਲਕ ਪਏ। ਉੱਥੇ ਖੜੇ ਬੰਦਿਆਂ ਵੱਲੋਂ ਉਸ ਵਾਸਤੇ ਬੋਲੇ ਹਮਦਰਦੀ ਦੇ ਬੋਲ ਉਹਦੇ ਅੰਦਰਲੇ ਦਰਦ ਬਾਹਰ ਲਿਆਉਣ ਦਾ ਸਬੱਬ ਬਣ ਗਏ। ਉਸ ਨੇ ਦੱਸਿਆ ਕਿ ਉਸ ਦੇ ਮਾਪੇ ਮਾਲਵੇ ’ਚ ਹਨ। ਦੁਆਬੇ ਦੇ ਸ਼ਾਹਕੋਟ ਖੇਤਰ ਦੇ ਇੱਕ ਪਿੰਡ ਵਿੱਚ ਉਹ ਵਿਆਹੀ ਗਈ। ਛੇ ਕੁ ਸਾਲ ਪਹਿਲਾਂ ਉਸ ਦੀ ਕੁੱਖ ’ਚੋਂ ਇੱਕ ਬੱਚੀ ਨੇ ਜਨਮ ਲਿਆ। ਉਸ ਦੇ ‘ਘਰ ਵਾਲੇ’ ਨੇ ਕੁੜੀ ਜੰਮ ‘ਸੁੱਟਣ’ ਦੇ ਮਿਹਣੇ ਦੇ ਬਹਾਨੇ ਉਸ ਨੂੰ ਤੰਗ-ਪੇ੍ਰਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਉਹ ਨਸ਼ੇ ਦਾ ਆਦੀ ਸੀ। ਉਸ ਦੇ ਨਸ਼ੇ ਦੀ ਮਿਕਦਾਰ ਵਧਦੀ ਗਈ ਤੇ ਮੇਰੀ ਜਿਊਣ ਦੀ ਇੱਛਾ ਘਟਦੀ ਗਈ। …ਅਚਾਨਕ ਇੱਕ ਦਿਨ ਕਿਸੇ ‘ਹੋਰ’ ਦੀ ਹੋ ਜਾਣ ਦਾ ਮਨ ਅੰਦਰ ਖਿਆਲ ਆ ਗਿਆ। ਉਸ ‘ਹੋਰ’ ਵਿੱਚੋਂ ਉਸ ਨੂੰ ਆਪਣਾਪਨ ਮਹਿਸੂਸ ਹੋਇਆ ਸੀ। ਠੇਡੇ ਖਾਂਦੀ ਜਿੰਦ ਨੂੰ ਠੁੰਮ੍ਹਣਾ ਮਿਲ ਜਾਣ ਦੀ ਆਸ ਨਾਲ ਉਹ ਉਸ ਦੀ ਹੋ ਗਈ। ਇੱਥੇ ਰੁਕਦਿਆਂ ਉਸ ਦੁਖਿਆਰੀ ਨੇ ਆਪਣੀ ਮਟਮੈਲੀ ਜਿਹੀ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਦੁੱਖ ਸੁਣ ਰਹੇ ਬੰਦਿਆਂ ਦਾ ਹੁੰਗਾਰਾ ਭਾਂਪ ਕੇ ਉਸ ਆਪਣੀ ਵਿੱਥਿਆ ਜਾਰੀ ਰੱਖੀ। ਉਸ ਦੇ ਇਸ ਕਦਮ ਨਾਲ ਮਾਪੇ ਉਸ ਤੋਂ ਦੂਰ ਹੋ ਗਏ। ਇਸੇ ਦੌਰਾਨ ਉਹ ਬੱਚੇ ਦੀ ਮਾਂ ਬਣਨ ਵਾਲੀ ਹੋ ਗਈ। ਨਵਾਂ ਸਹੇੜਿਆ ‘ਕੰਤ’ ਕਸਾਈ ਨਿਕਲਿਆ। ਉਸ ਨੇ ਵੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਨਵੇਂ ਮਿਲੇ ‘ਨਰਕ’ ’ਚੋਂ ਨਿਕਲਣ ਲਈ ਉਹ ਰਿਸ਼ਤੇ ’ਚੋਂ ਭੂਆ ਲੱਗਦੀ ਇਕ ਔਰਤ ਦੇ ਘਰ ਚਲੇ ਗਈ। ਚਾਰ ਦਿਨ ਪਹਿਲਾਂ ਉਸ ਦੀ ਕੁੱਖ ’ਚੋਂ ਲੜਕੇ ਨੇ ਜਨਮ ਲਿਆ। ਇਹ ਖੁਸ਼ੀ ਵੀ ਬਹੁਤਾ ਚਿਰ ਨਹੀਂ ਰਹੀ। ਉਸ ਨੇ ਦੱਸਿਆ, ‘‘ਜਨਮ ਲੈਣ ਤੋਂ ਕੁਝ ਘੰਟੇ ਬਾਅਦ ਮੇਰਾ ਬੱਚਾ ਚੱਲ ਵਸਿਆ। ਛਿਲੇ ਵਿੱਚ ਹੀ ਮੈਨੂੰ ਨਹਿਸ ਆਖ ਕੇ ਉਸ ਭੂਆ ਨੇ ਵੀ ਘਰਂੋ ਕੱਢ ਦਿੱਤਾ। ਹੁਣ ਨਾ ਉਸ ਦੇ ਸਹੁਰੇ ਰਹੇ, ਮਾਪਿਆਂ ਨੇ ਉਸ ਨੂੰ ਪਹਿਲਾਂ ਹੀ ਦਰ- ਕਿਨਾਰ ਕਰ ਦਿੱਤਾ ਸੀ। ਸੋਚਦੀ ਹਾਂ ਇਸ ਹਾਲਤ ਵਿੱਚ ਕਿੱਥੇ ਜਾਵਾਂ? ਕੌਣ ਆਸਰਾ ਬਣ ਸਕੇਗਾ?’’ ਆਪ ਹੀ ਉਸ ਨੇ ਮੋਗੇ ਵੱਲ ਦੇ ਕਿਸੇ ਆਸ਼ਰਮ ਦਾ ਨਾਂਅ ਲਿਆ ਤੇ ਉੱਥੇ ਆਣ ਖੜੀ ਹੋਈ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋ ਗਈ।
ਅਸਲ ਵਿੱਚ ਇਹੋ ਜਿਹੀਆਂ ਕਹਾਣੀਆਂ ਪੰਜਾਬ ਦੇ ਹਰ ਸ਼ਹਿਰ, ਪਿੰਡ ਵਿੱਚ ਪਈਆਂ ਹਨ। ਇਹ ਕਹਾਣੀ ਬਣਨ ਵਿੱਚ ਵਿਗੜੀ ਹੋਈ ਸਮਾਜਿਕ ਵਿਵਸਥਾ ਜ਼ੁੰਮੇਵਾਰ ਹੈ। ਸਮਾਜ ਦੀ ਬੁਰੀ ਤਰ੍ਹਾਂ ਉਲਝ ਚੁੱਕੀ ਤਾਣੀ ਨੂੰ ਠੀਕ ਕਰਨ ਲਈ ਸਰਕਾਰਾਂ ਤੇ ਸਮਾਜ ਲਈ ਸੋਚਣ ਦਾ ਵਿਸ਼ਾ ਹੈ।

LEAVE A REPLY

Please enter your comment!
Please enter your name here