ਵਿਧਾਇਕ ਦਾ ਪਿਤਾ ਬਲੈਕਮੇਲਿੰਗ ਦੇ ਦੋਸ਼ ’ਚ ਗਿ੍ਰਫਤਾਰ

0
288

ਫਾਜ਼ਿਲਕਾ (ਨਿਸ਼ਾ ਸ਼ਰਮਾ)-ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ (65) ਨੂੰ ਪ੍ਰਾਪਰਟੀ ਡੀਲਰ ਨੂੰ ਬਲੈਕਮੇਲ ਕਰਨ ਅਤੇ ਉਸ ’ਤੇ ਲੱਗੇ ਬਲਾਤਕਾਰ ਦੇ ਦੋਸ਼ ਨੂੰ ਰਫਾ-ਦਫਾ ਕਰਨ ਲਈ 10 ਲੱਖ ਰੁਪਏ ਵਸੂਲਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। ਡੀ ਐੱਸ ਪੀ ਅਤੁਲ ਸੋਨੀ ਨੇ ਦੱਸਿਆ ਕਿ ਉਸ ਕੋਲੋਂ 50,000 ਰੁਪਏ ਦੀ ਫਿਰੌਤੀ ਵੀ ਬਰਾਮਦ ਕੀਤੀ ਗਈ ਹੈ। ਐੱਫ ਆਈ ਆਰ ਅਨੁਸਾਰ ਜਲਾਲਾਬਾਦ ਦੇ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਨੇ ਦੋਸ਼ ਲਾਇਆ ਸੀ ਕਿ ਰਾਣੋ ਬਾਈ ਨਾਂਅ ਦੀ ਔਰਤ ਉਸ ਨੂੰ ਮਕਾਨ ਖਰੀਦਣ ਲਈ ਮਿਲੀ ਸੀ। ਉਸ ਨੇ ਉਸ ਨੂੰ ਮਕਾਨ ਦਿਖਾਇਆ। ਇਸ ਤੋਂ ਬਾਅਦ ਰਾਣੋ ਨੇ ਉਸ ਨੂੰ ਫੋਨ ਕੀਤਾ ਕਿ ਉਸ ਦਾ ਬੇਟਾ ਉਸ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਤੂੰ ਉਸ ਨਾਲ ਗਲਤ ਕੰਮ ਕਰਕੇ ਆਈ ਹੈਂ। ਇਸ ਤੋਂ ਬਾਅਦ ਸੁਰਿੰਦਰ ਕੰਬੋਜ ਨੇ ਉਸ ਨੂੰ ਫੋਨ ਕੀਤਾ ਕਿ ਰਾਣੋ ਹਸਪਤਾਲ ਵਿਚ ਭਰਤੀ ਹੈ ਤੇ ਉਸ ਵੱਲੋਂ ਉਸ ’ਤੇ ਬਲਾਤਕਾਰ ਦਾ ਕੇਸ ਦਰਜ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਬਚਣਾ ਹੈ ਤਾਂ ਉਸ ਦੇ ਘਰ ਆ ਕੇ ਮਿਲ। ਸੁਰਿੰਦਰ ਕੰਬੋਜ ਨੇ ਉਸ ਨੂੰ ਬਚਾਉਣ ਲਈ 10 ਲੱਖ ਰੁਪਏ ਮੰਗੇ। ਸੁਨੀਲ ਕੁਮਾਰ ਨੇ ਇਸ ਦੀ ਰਿਕਾਰਡਿੰਗ ਵੀ ਪੁਲਸ ਨੂੰ ਦਿੱਤੀ। ਪੁਲਸ ਨੇ ਬਾਅਦ ਵਿਚ ਸੁਰਿੰਦਰ ਕੰਬੋਜ ਤੇ ਇਕ ਹੋਰ ਸ਼ਖਸ ਨੂੰ ਹਿਰਾਸਤ ’ਚ ਲੈ ਲਿਆ। ਜ਼ਿਕਰਯੋਗ ਹੈ ਕਿ ਵਿਧਾਇਕ ਵੱਲੋਂ ਆਪਣੇ ਪਿਤਾ ਨਾਲ ਤੋੜ-ਵਿਛੋੜਾ ਕੀਤਾ ਹੋਇਆ ਹੈ ਅਤੇ ਇਸ ਬਾਬਤ ਅਖ਼ਬਾਰਾਂ ਵਿਚ ਕਾਨੂੰਨੀ ਨੋਟਿਸ ਵੀ ਕਾਫ਼ੀ ਦੇਰ ਪਹਿਲਾਂ ਕਢਵਾਏ ਹੋਏ ਹਨ। ਵਿਧਾਇਕ ਗੋਲਡੀ ਨੇ ਕਿਹਾ-ਮੈਂ ਇਸ ਗਿ੍ਰਫਤਾਰੀ ਦਾ ਸਵਾਗਤ ਕਰਦਾ ਹਾਂ, ਕਿਉਕਿ ਭਗਵੰਤ ਮਾਨ ਦੀ ਸਰਕਾਰ ਰਿਸ਼ਵਤਖੋਰਾਂ ਤੇ ਭਿ੍ਰਸ਼ਟਾਚਾਰੀਆਂ ਦੇ ਖਿਲਾਫ ਹੈ। ਮੇਰਾ ਕੋਈ ਰਿਸ਼ਤੇਦਾਰ ਕਿਉ ਨਾ ਹੋਵੇ, ਜਿਹੜਾ ਗਲਤ ਕੰਮ ਕਰੇਗਾ, ਜੇਲ੍ਹ ਜਾਵੇਗਾ। ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ ਤੇ ਜੇ ਕੋਈ ਠੱਗੀ ਮਾਰੇਗਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਿਤਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਠੱਗੀ ਮਾਰਦਾ ਫਿਰੇ। ਮੈਨੂੰ ਥਾਣੇ ਤੋਂ ਰਾਤੀਂ ਫੋਨ ਆਇਆ ਸੀ ਕਿ ਪਿਤਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੈਂ ਪੁਲਸ ਨੂੰ ਕਿਹਾ ਕਿ ਜੋ ਵੀ ਠੱਗੀ ਮਾਰਦਾ ਹੈ, ਬਲੈਕਮੇਲ ਕਰਦਾ ਹੈ, ਉਸ ਦੇ ਖਿਲਾਫ ਕਾਰਵਾਈ ਕਰੋ।

LEAVE A REPLY

Please enter your comment!
Please enter your name here