ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਕੌਮੀ ਖੇਡਾਂ ਵਿਚ ਤਮਗਾ ਜਿੱਤਣ ਵਾਲੇ 147 ਖਿਡਾਰੀਆਂ ਨੂੰ 5.43 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ। ਸੋਨ ਤਮਗਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 3-3 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਤ ਕੀਤਾ ਗਿਆ। ‘ਉਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ’ ਤਹਿਤ ਖਿਡਾਰੀਆਂ ਨੂੰ 8 ਹਜ਼ਾਰ ਰੁਪਏ ਮਹੀਨਾ ਵਜ਼ੀਫੇ ਦੀ ਰਕਮ ਨੂੰ ਦੁੱਗਣਾ (16 ਹਜ਼ਾਰ ਰੁਪਏ) ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਸੂਬਾ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ।
ਉਨ੍ਹਾ ਕਿਹਾ ਕਿ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਡੀ ਪੀ ਅਤੇ ਪੀ ਟੀ ਆਈ ਦੀ ਭਰਤੀ ਜੰਗੀ ਪੱਧਰ ’ਤੇ ਕਰ ਰਹੀ ਹੈ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਦੀ ਖੇਡ ਨੀਤੀ ਨੂੰ ਇਕ ਨਿਵੇਕਲਾ ਦਸਤਾਵੇਜ਼ ਬਣਾਉਣ ਲਈ ਵਿਭਾਗ ਸਖਤ ਮਿਹਨਤ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਪਹਿਲਾ ਮੌਕਾ ਹੈ, ਜਦੋਂ ਥਲ ਸੈਨਾ, ਜਲ ਸੈਨਾ ਤੇ ਹੋਰ ਸੇਵਾਵਾਂ ਦੇ ਕੌਮੀ ਐਵਾਰਡ ਜੇਤੂਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ ਹੈ।





