ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਕੀਤੇ ਖੁਲਾਸਿਆਂ ਤੋਂ ਬਾਅਦ ਇਸ ਹਮਲੇ ਵਿੱਚ ਜਾਨ ਗੁਆ ਦੇਣ ਵਾਲੇ 40 ਪਰਵਾਰਾਂ ਦੇ ਜ਼ਖ਼ਮ ਫਿਰ ਤਾਜ਼ਾ ਹੋ ਗਏ ਹਨ। ਉਨ੍ਹਾਂ ਵਿੱਚੋਂ ਕੁਝ ਪਰਵਾਰਾਂ ਦੇ ਮੈਂਬਰਾਂ ਨੇ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
ਸ਼ਹੀਦ ਹੋਏ ਭਾਗੀਰਥ ਦੇ ਪਿਤਾ ਪਰਸੂ ਰਾਮ ਨੇ ‘ਦੀ ਵਾਇਰ’ ਨਾਲ ਗੱਲ ਕਰਦਿਆਂ ਕਿਹਾ ਕਿ 14 ਫ਼ਰਵਰੀ 2019 ਦੇ ਉਸ ਘਿਨੌਣੇ ਕਾਂਡ ਦੇ ਦਿਨ ਤੋਂ ਹੀ ਉਸ ਨੂੰ ਕਈ ਸਵਾਲ ਪ੍ਰੇਸ਼ਾਨ ਕਰਦੇ ਰਹੇ ਹਨ। ਮਲਿਕ ਦੇ ਖੁਲਾਸੇ ਤੋਂ ਬਾਅਦ ਉਸ ਦੇ ਇਸ ਭਰੋਸੇ ਉੱਤੇ ਮੋਹਰ ਲੱਗ ਗਈ ਹੈ ਕਿ ਪੁਲਵਾਮਾ ਹਮਲਾ ਸਰਕਾਰ ਵੱਲੋਂ ਰਚਿਆ ਗਿਆ ਇੱਕ ਸਿਆਸੀ ਛੜਯੰਤਰ ਸੀ। ਪਰਸੂ ਰਾਮ ਨੇ ਕਿਹਾ ਕਿ ਉਸ ਨੂੰ ਸੌ ਫ਼ੀਸਦੀ ਭਰੋਸਾ ਹੈ ਕਿ ਇਹ ਸਭ ਸੱਤਾ ਵਿੱਚ ਰਹਿਣ ਲਈ ਕੀਤਾ ਗਿਆ ਤੇ ਮੋਦੀ ਸਰਕਾਰ ਨੇ ਗੱਦੀ ਹਾਸਲ ਕਰਨ ਲਈ ਅਜਿਹਾ ਕੀਤਾ ਸੀ। ਭਲਾ ਇਹ ਕਿਵੇਂ ਹੋ ਸਕਦਾ ਹੈ ਕਿ 200 ਕਿਲੋ ਧਮਾਕਾਖੇਜ਼ ਸਮੱਗਰੀ ਨਾਲ ਲੱਦਿਆ ਟਰੱਕ ਕਿਸੇ ਪਾਸਿਓਂ ਆਉਂਦਾ ਹੈ ਤੇ ਜਵਾਨਾਂ ਦੀ ਬੱਸ ਨੂੰ ਉਡਾ ਦਿੰਦਾ ਹੈ। ਆਪਣਾ ਗੁੱਸਾ ਜ਼ਾਹਰ ਕਰਦਿਆਂ ਉਹ ਕਹਿੰਦਾ ਹੈ, ‘‘ਉਸ ਵੇਲੇ ਪ੍ਰਧਾਨ ਮੰਤਰੀ ਕਿੱਥੇ ਸਨ, ਕੀ ਉਹ ਸੌਂ ਰਹੇ ਸਨ।’’
ਕਰਨ ਥਾਪਰ ਨਾਲ ਸੱਤਿਆਪਾਲ ਮਲਿਕ ਦੀ ਗੱਲਬਾਤ ਤੋਂ ਬਾਅਦ ਇਹ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਕਿ ਖੁਫ਼ੀਆ ਏਜੰਸੀਆਂ ਦੀ ਨਾਕਾਮੀ ਸੰਬੰਧੀ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ। ਸਾਬਕਾ ਰਾਜਪਾਲ ਨੇ ਕਿਹਾ ਸੀ ਕਿ ਪੁਲਵਾਮਾ ਹਮਲਾ ਮੋਦੀ ਸਰਕਾਰ ਦੀ ਲਾਪਰਵਾਹੀ ਤੇ ਨਾਕਾਮੀ ਕਾਰਨ ਹੋਇਆ ਸੀ। ਅਗਰ ਗ੍ਰਹਿ ਮੰਤਰਾਲਾ ਸੈਨਾ ਦੀ ਮੰਗ ’ਤੇ ਸੈਨਿਕਾਂ ਨੂੰ ਲਿਜਾਣ ਲਈ ਹਵਾਈ ਜਹਾਜ਼ ਦਾ ਪ੍ਰਬੰਧ ਕਰ ਦਿੰਦਾ ਤਾਂ ਇਸ ਹਾਦਸੇ ਤੋਂ ਬਚਿਆ ਜਾ ਸਕਦਾ ਸੀ।
ਇਸ ਅੱਤਵਾਦੀ ਹਮਲੇ ਵਿੱਚ ਜਾਨ ਗੁਆ ਦੇਣ ਵਾਲੇ ਜੀਤ ਰਾਮ ਦੇ ਭਰਾ ਵਿਕਰਮ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਨ੍ਹਾ ਦਾ ਪਰਵਾਰ ਅੱਜ ਵੀ ਸਦਮੇ ਵਿੱਚ ਹੈ, ਜਿਸ ਨੇ ਆਪਣੇ 30 ਸਾਲਾ ਜਵਾਨ ਬੇਟੇ ਨੂੰ ਗੁਆ ਦਿੱਤਾ ਸੀ। ਵਿਕਰਮ ਨੇ ਇਹ ਵੀ ਕਿਹਾ ਕਿ ਮਲਿਕ ਨੂੰ ਘਟਨਾ ਸਮੇਂ ਹੀ ਬੋਲਣਾ ਚਾਹੀਦਾ ਸੀ।
ਰੋਹਤਾਸ਼ ਦਾ ਪਰਵਾਰ ਵੀ ਦੁਖੀ ਹੈ। ਉਸ ਦੇ ਭਰਾ ਜਿਤੇਂਦਰ ਨੇ ਕਿਹਾ ਹੈ ਕਿ ਜੋ ਉਨ੍ਹਾਂ ਜਵਾਨਾਂ ਨਾਲ ਹੋਇਆ, ਉਹ ਹੋਰਨਾਂ ਨਾਲ ਨਹੀਂ ਹੋਣਾ ਚਾਹੀਦਾ। ਮਲਿਕ ਦੇ ਦਾਅਵਿਆਂ ਬਾਰੇ ਜਿਤੇਂਦਰ ਨੇ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਤੇ ਜੋ ਕਹਿੰਦੇ ਹਨ, ਸਹੀ ਕਹਿੰਦੇ ਹਨ।
ਇਸੇ ਦੌਰਾਨ ਦੀ ‘ਟੈਲੀਗਰਾਫ’ ਨੇ ਬੰਗਾਲ ਦੇ ਦੋ ਜਵਾਨਾਂ ਦੇ ਪਰਵਾਰਾਂ ਦੀ ਇੰਟਰਵਿਊ ਛਾਪੀ ਹੈ। ਸੁਦੀਪ ਵਿਸ਼ਵਾਸ ਨਾਦੀਆ ਜ਼ਿਲ੍ਹੇ ਦੇ ਤੇਹਟਾ ਦੇ ਰਹਿਣ ਵਾਲੇ ਸਨ। ਸੁਦੀਪ ਦੀ ਭੈਣ ਨੇ ਕਿਹਾ ਕਿ ਕੇਂਦਰ ਨੂੰ ਆਪਣੀ ਸਫ਼ਾਈ ਦੇਣੀ ਚਾਹੀਦੀ ਹੈ, ਭਾਵੇਂ ਸਾਡੇ ਲਈ ਇਸ ਦਾ ਕੋਈ ਅਰਥ ਨਹੀਂ ਹੈ।
ਬਬਲੂ ਦੀ 71 ਸਾਲਾ ਮਾਂ ਬੋਨੋਮਾਲਾ ਤੇ 36 ਸਾਲਾ ਪਤਨੀ ਮੀਤਾ ਨੇ ਕਿਹਾ ਕਿ ਉਹ ਸੱਚ ਜਾਣਨਾ ਚਾਹੁੰਦੇ ਹਨ, ਭਾਵੇਂ ਇਸ ਨਾਲ ਕੁਝ ਨਹੀਂ ਬਦਲੇਗਾ। ਮੀਤਾ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਕਾਰਨ ਸੈਨਾ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਇਸ ਫ਼ੈਸਲੇ ਨੂੰ ਰੱਦ ਕਰਨ ਦਾ ਹੁਕਮ ਮੇਰੇ ਲਈ ਇੱਕ ਰਹੱਸ ਬਣਿਆ ਹੋਇਆ ਹੈ। ਮਲਿਕ ਦੇ ਬਿਆਨ ਤੋਂ ਬਾਅਦ ਭਾਰਤੀ ਫ਼ੌਜ ਦੇ ਇੱਕ ਸਾਬਕਾ ਜਨਰਲ ਸ਼ੰਕਰ ਰਾਏ ਚੌਧਰੀ ਨੇ ਵੀ ਕਿਹਾ ਹੈ ਕਿ ਸੈਨਿਕਾਂ ਦੀ ਮੌਤ ਦਾ ਦੋਸ਼ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਉੱਤੇ ਹੈ। ਪ੍ਰਧਾਨ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਦੇਸ਼ ਦੇ ਲੋਕ ਪੁਲਵਾਮਾ ਦਾ ਸੱਚ ਜਾਣਨਾ ਚਾਹੁੰਦੇ ਹਨ, ਪਰ ਮੋਦੀ ਚੁੱਪ ਹਨ।