25.8 C
Jalandhar
Monday, September 16, 2024
spot_img

ਪੁਲਵਾਮਾ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਸਮਾਂ ਆ ਗਿਆ : ਅਤੁੱਲ ਅਣਜਾਨ

ਸ਼ਾਹਕੋਟ (ਗਿਆਨ ਸੈਦਪੁਰੀ)
ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਦੁਆਰਾ ਆਰ. ਡੀ. ਐਕਸ. ਨਾਲ ਭਰੀ ਕਾਰ ਦੀ ਵਰਤੋਂ ਕਰਕੇ ਸੀ.ਆਰ.ਪੀ.ਐਫ ਦੇ ਚਾਲੀ ਜਵਾਨਾਂ ਦੀ ਸ਼ਹਾਦਤ ਦੀ ਗੰਭੀਰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਸਮਾਂ ਆ ਗਿਆ ਹੈ | ਉਪਰੋਕਤ ਮੰਗ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰ ਕਾਮਰੇਡ ਅਤੁੱਲ ਕੁਮਾਰ ਅਣਜਾਨ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਕਈ ਤੱਥ ਉਭਰ ਕੇ ਆ ਰਹੇ ਹਨ | ਇਸ ਦੀ ਦੇਸ਼ ਪੱਧਰ ‘ਤੇ ਚਰਚਾ ਚੱਲ ਰਹੀ ਹੈ | ਇਸ ਘਟਨਾ ਦੇ ਦੌਰਾਨ ਜੰਮੂ ਕਸ਼ਮੀਰ ਦੇ ਤੱਤਕਾਲੀ ਗਵਰਨਰ ਸਤਿਆਪਾਲ ਮਲਿਕ ਨੇ ਹੈਰਾਨ ਕਰ ਦੇਣ ਵਾਲੇ ਤੱਥ ਉਜਾਗਰ ਕੀਤੇ ਹਨ | ਸੀ.ਆਰ.ਪੀ.ਐਫ ਨੇ ਕਸ਼ਮੀਰ ਵਿੱਚ ਆਪਣੀਆਂ ਬਟਾਲੀਅਨਾਂ ਨੂੰ ਭੇਜਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਹਵਾਈ ਸੇਵਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ | ਇੰਨੀ ਵੱਡੀ ਗਿਣਤੀ ਵਿੱਚ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਸੁਰੱਖਿਆ ਦੀ ਦਿ੍ਸ਼ਟੀ ਤੋਂ ਸੜਕ ਰਸਤੇ ਨਹੀਂ ਪਹੰੁਚਾਇਆ ਜਾ ਸਕਦਾ ਸੀ | ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਇਸ ਗੱਲ ਨੂੰ ਅਸਵੀਕਾਰ ਕਰ ਦਿੱਤਾ | ਸਤਿਆਪਾਲ ਮਲਿਕ ਨੇ ਵੀ ਕਿਹਾ ਕਿ ਉਨ੍ਹਾਂ ਕੋਲੋਂ ਤੱਥਾਂ ਨੂੰ ਛੁਪਾਇਆ ਗਿਆ | ਇਸ ਘਟਨਾ ਦੇ ਤੁਰੰਤ ਬਾਅਦ ਕੀਤੀ ਗਈ ਬੈਠਕ ਵਿੱਚ ਉਨ੍ਹਾਂ ਕਿਹਾ ਕਿ ਅਗਰ ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਤਾਂ ਉਹ ਖੁਦ ਹਵਾਈ ਜਹਾਜ ਉਪਲੱਬਧ ਕਰਵਾ ਦਿੰਦੇ | ਪ੍ਰਧਾਨ ਮੰਤਰੀ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਗਵਰਨਰ ਵੱਲੋਂ ਦਿੱਤੀ ਗਈ ਤਾਂ ਉਹ ਜਿਮ ਪਾਰਕ ਵਿੱਚ ਇੱਕ ਵਿਦੇਸ਼ੀ ਕੰਪਨੀ ਲਈ ਆਪਣੀ ਫਿਲਮ ਦੀ ਸ਼ੂਟਿੰਗ ਕਰਵਾ ਰਹੇ ਸਨ | ਬਾਅਦ ਵਿੱਚ ਸਤਿਆਪਾਲ ਮਲਿਕ ਨੂੰ ਕੁਝ ਵੀ ਨਾ ਬੋਲਣ ਦਾ ਨਿਰਦੇਸ਼ ਦਿੱਤਾ | ਅਸਲ ਵਿੱਚ ਘਟਨਾ ਦੇ ਤੁਰੰਤ ਬਾਅਦ ਹੀ ਸਤਿਆਪਾਲ ਮਲਿਕ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਨੂੰ ਗੰਭੀਰ ਗਲਤੀ ਕਰਾਰ ਦਿੱਤਾ ਸੀ | ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸੜਕ ਮਾਰਗ ਰਾਹੀਂ ਕਿਉਂ ਭੇਜਿਆ ਗਿਆ | ਸਾਲਾਂ ਤੱਕ ਜੰਮੂ ਕਸ਼ਮੀਰ ਦੇ ਕਮਾਡਿੰਗ ਅਫਸਰ ਰਹੇ ਦੇਸ਼ ਦੀ ਥਲ ਸੈਨਾ ਦੇ 18ਵੇਂ ਮੁੱਖੀ ਜਨਰਲ ਸ਼ੰਕਰ ਰਾਏ ਚੌਧਰੀ ਨੇ ਪੁਲਵਾਮਾ ਘਟਨਾ ‘ਤੇ ਹਾਲ ਹੀ ਵਿੱਚ ਬਿਆਨ ਦੇ ਕੇ ਸਰਕਾਰ ਨੂੰ ਘੇਰ ਕੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ | ਰਾਸ਼ਟਰੀ ਸੁਰੱਖਿਆ ਸਲਾਹਾਕਾਰ ਅਜੀਤ ਡੋਭਾਲ ਦੇ ਅਧੀਨ ਚੱਲਣ ਵਾਲੇ ਖੁਫੀਆ ਵਿਭਾਗ ਨੇ ਵੀ ਦਸ ਦਿਨ ਤੋਂ ਉਸ ਇਲਾਕੇ ਵਿੱਚ ਆਰ.ਡੀ.ਐਕਸ ਲੈ ਕੇ ਘੁੰਮ ਰਹੇ ਆਦਮੀ ਦੀਆਂ ਗਤੀਵਿਧੀਆਂ ‘ਤੇ ਕੋਈ ਰਿਪੋਰਟ ਨਾ ਦੇਣ ਅਤੇ ਉਸ ਨੂੰ ਰੋਕਣ ਵਿੱਚ ਅਸਫਲ ਹੋਣ ਦਾ ਵੀ ਮਲਿਕ ਨੇ ਅਹਿਮ ਖੁਲਾਸਾ ਕੀਤਾ | ਸਭ ਤੋਂ ਅਜੀਬ ਤੇ ਰਹੱਸਪੂਰਣ ਗੱਲ ਇਹ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਵੇਲੇ ਦੇ ਗਵਰਨਰ ਸਤਿਆਪਾਲ ਮਲਿਕ ਅਤੇ ਜਨਰਲ ਸ਼ੰਕਰ ਰਾਏ ਚੌਧਰੀ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਹੁਣ ਤੱਕ ਨਹੀਂ ਦਿੱਤਾ ਗਿਆ | ਇਸ ਸਵਾਲ ਨੂੰ ਲੈ ਕੇ ਦੇਸ਼ ਪੱਧਰੀ ਬਹਿਸ ਚੱਲ ਰਹੀ ਹੈ | ਸੀ.ਪੀ.ਆਈ ਆਗੂ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਖਮੋਸ਼ੀ ‘ਤੇ ਹੈਰਾਨੀ ਪ੍ਰਗਟ ਕਰਦਿਆਂ ਤਿੰਨਾਂ ਨੂੰ ਦੇਸ਼ ਨੂੰ ਸਹੀ ਤੱਥਾਂ ਤੋਂ ਜਾਣੂ ਕਰਵਾਉਣ ਲਈ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਕਿਉਂ ਹੋਈਆਂ ਅਤੇ ਕਿਸ ਦੀ ਗਲਤੀ ਨਾਲ ਸਾਡੇ ਚਾਲੀ ਜਵਾਨਾਂ ਦੀ ਸ਼ਹਾਦਤ ਹੋਈ |

Related Articles

LEAVE A REPLY

Please enter your comment!
Please enter your name here

Latest Articles