ਪੱਟੀ (ਬਲਦੇਵ ਸਿੰਘ ਸੰਧੂ/ਸ਼ਮਸ਼ੇਰ ਸਿੰਘ ਯੋਧਾ)-ਪੰਜਾਬ ਪੁਲਸ ਦੇ ਕਾਊਾਟਰ ਇੰਟੈਲੀਜੈਂਸ (ਸੀ ਆਈ) ਵਿੰਗ ਨੇ ਤਰਨ ਤਾਰਨ ਇਲਾਕੇ ਦੇ ਹਰੀਕੇ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਦੋਂਕਿ ਦੋ ਤਸਕਰ ਪੁਲਸ ਨਾਲ ਹੱਥੋਪਾਈ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ | ਇਸ ਦੌਰਾਨ ਹੱਥੋਪਾਈ ਦੌਰਾਨ ਹੈਰੋਇਨ ਨਾਲ ਭਰਿਆ ਬੈਗ ਹੇਠਾਂ ਡਿੱਗ ਗਿਆ, ਜਦਕਿ ਮੁਲਜ਼ਮ ਕਾਰ ਵਿੱਚ ਸਵਾਰ ਸਾਥੀ ਸਮੇਤ ਫਰਾਰ ਹੋਣ ‘ਚ ਕਾਮਯਾਬ ਹੋ ਗਿਆ | ਪੁਲਸ ਦੀ ਗਿ੍ਫਤ ਤੋਂ ਫਰਾਰ ਹੋਏ ਤਸਕਰਾਂ ਦੀ ਪਹਿਚਾਣ ਸੁਨੀਲ ਕੁਮਾਰ ਉਰਫ ਕਾਲੂ ਅਤੇ ਕਾਲੀ ਵਾਸੀ ਮੋਗਾ ਦੇ ਧਰਮਕੋਟ ਥਾਣਾ ਖੇਤਰ ਅਧੀਨ ਪੈਂਦੇ ਸੈਦਜਲਪੁਰਾ ਵਜੋਂ ਹੋਈ ਹੈ | ਦੋਵਾਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ ਐੱਸ ਓ ਸੀ) ‘ਚ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ | ਸਥਾਨਕ ਪੱਟੀ ਕਚਹਿਰੀਆਂ ਵਿੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਥਾਣਾ ਹਰੀਕੇ ਅੰਦਰ ਪਰਚਾ ਦਰਜ ਕਰਕੇ ਹੈਰੋਇਨ ਦੀ ਖੇਪ ਨੂੰ ਪੱਟੀ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਹੈ ਅਤੇ ਮੁਲਜ਼ਮ ਜਲਦੀ ਹੀ ਗਿ੍ਫ਼ਤਾਰ ਕਰ ਲਏ ਜਾਣਗੇ | ਇਸ ਮੌਕੇ ਐੱਸ. ਆਈ. ਪਰਮਿੰਦਰ ਸਿੰਘ, ਐਸ ਆਈ ਜਗਜੀਤ ਸਿੰਘ ਪਹਿਲਵਾਨ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ |