ਜਲੰਧਰ (ਸ਼ੈਲੀ, ਉੱਭੀ, ਸੁਰਿੰਦਰ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ | ਸ਼ਨੀਵਾਰ ਨੂੰ ਈਦ ਦੇ ਮੌਕੇ ‘ਤੇ ਮੁੱਖ ਮੰਤਰੀ ਮਾਨ ਨੇ ਜਲੰਧਰ ਦੀ ਮੁੱਖ ਦਰਗਾਹ, ਈਦਗਾਹ ‘ਤੇ ਪਹੁੰਚ ਕੇ ਸਿਜਦਾ ਕੀਤਾ ਅਤੇ ਪੰਜਾਬ ਦੀ ਸੁੱਖ- ਸ਼ਾਂਤੀ ਅਤੇ ਖੁਸ਼ਹਾਲੀ ਲਈ ਦੁਆ ਮੰਗੀ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਮੈਂ ਤੁਹਾਡੇ ਵਿਚਕਾਰ ਆ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ | ਪੰਜਾਬ ਦੀ ਏਕਤਾ ਅਤੇ ਭਾਈਚਾਰਾ ਇੰਝ ਹੀ ਬਣਿਆ ਰਹੇ, ਰੱਬ ਅੱਗੇ ਇਹੋ ਅਰਦਾਸ ਹੈ | ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ | ਸਾਡੇ ਗੁਰੂਆਂ ਨੇ ਸਾਨੂੰ ਆਪਸੀ ਪਿਆਰ ਅਤੇ ਭਾਈਚਾਰਾ ਕਾਇਮ ਰੱਖਣ ਅਤੇ ਸੱਚ ਦਾ ਸਾਥ ਦੇਣਾ ਸਿਖਾਇਆ ਹੈ | ਇਸ ਲਈ ਇੱਥੇ ਹਿੰਸਾ ਅਤੇ ਨਫਰਤ ਦੇ ਬੀਜ ਕਦੇ ਨਹੀਂ ਉੱਗ ਸਕਦੇ | ਉਨ੍ਹਾਂ ਪੰਜਾਬ ਦੇ ਦੋ ਸੰਸਦ ਮੈਂਬਰਾਂ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਿੱਖ ਬਹੁਲਤਾ ਵਾਲਾ ਇਲਾਕਾ ਹੋਣ ਦੇ ਬਾਵਜੂਦ ਇੱਥੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਸੰਸਦ ਮੈਂਬਰ ਹਨ ਕਿਉਂਕਿ ਪੰਜਾਬ ਦੇ ਲੋਕ ਜਾਤੀ-ਧਰਮ ਦੇ ਆਧਾਰ ‘ਤੇ ਨਹੀਂ ਬਲਕਿ ਚੰਗੀ ਸੋਚ ਅਤੇ ਵਿਕਾਸ ਦੇ ਆਧਾਰ ‘ਤੇ ਵੋਟ ਦਿੰਦੇ ਹਨ | ਇਹੋ ਪੰਜਾਬ ਦੀ ਖਾਸੀਅਤ ਹੈ | ਮਾਨ ਨੇ ਕਿਹਾ ਕਿ ਮੈਂ ਕਦੇ ਵੀ ਜਾਤ ਅਤੇ ਧਰਮ ਦੀ ਰਾਜਨੀਤੀ ਨਹੀਂ ਕੀਤੀ | ਸੰਗਰੂਰ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਮੈਂ ਹਮੇਸ਼ਾ ਜਾਤ-ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਆਮ ਲੋਕਾਂ ਲਈ ਕੰਮ ਕੀਤਾ ਹੈ | ਸਾਡੀ ਸਰਕਾਰ ਦਾ ਉਦੇਸ਼ ਸਾਂਝੇ ਘਰਾਂ ਦੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਵਿੱਚ ਬਰਾਬਰੀ ਲਿਆਉਣਾ ਹੈ | ਕਿਉਂਕਿ ਇਹ ਸਿੱਖਿਆ ਹੀ ਹੈ ਜਿਸ ਰਾਹੀਂ ਕੋਈ ਸਮਾਜ ਤਰੱਕੀ ਕਰ ਸਕਦਾ ਹੈ |