ਰੂਪਨਗਰ : ਰੂਪਨਗਰ ਪੁਲਸ ਨੇ ਅਪਰਾਧਿਕ ਪਿਛੋਕੜ ਵਾਲ਼ੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਅਤੇ ਇਸ ਗੈਂਗ ਦੇ ਹੀ ਇੱਕ ਗੁਰਗੇ ਰੋਹਿਤ ਨੂੰ ਗਿ੍ਫਤਾਰ ਕਰਕੇ ਇਨ੍ਹਾਂ ਪਾਸੋਂ 6 ਪਿਸਟਲ .32 ਬੋਰ ਅਤੇ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਇਸ ਸੰਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਰੂਪਨਗਰ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਗੈਰ ਸਮਾਜੀ ਅਨਸਰਾਂ, ਗੈਂਗਸਟਰਾਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਪੀ ਪੀ ਐਸ, ਕਪਤਾਨ ਪੁਲਸ (ਡਿਟੈਕਟਿਵ) ਮਨਵਿੰਦਰ ਬੀਰ ਸਿੰਘ ਅਤੇ ਪੀ.ਪੀ.ਐੱਸ. ਉਪ ਕਪਤਾਨ ਪੁਲਸ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਰੂਪਨਗਰ ਦੀ ਅਗਵਾਈ ਹੇਠ ਸੀ ਆਈ ਏ ਇੰਚਾਰਜ ਸਤਨਾਮ ਸਿੰਘ ਦੀ ਟੀਮ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨਜ਼ਦੀਕੀ ਸਾਥੀ ਗੈਂਗਸਟਰ ਸੰਦੀਪ ਕੁਮਾਰ ਦੇ ਰਵੀ ਬਲਾਚੌਰੀਆ ਅਤੇ ਇਸੇ ਗੈਂਗ ਦੇ ਹੀ ਇੱਕ ਹੋਰ ਸਾਥੀ ਰੋਹਿਤ ਨੂੰ ਗਿ੍ਫਤਾਰ ਕਰਕੇ ਇਹਨਾ ਪਾਸੋਂ 06 ਮਾਰੂ ਹਥਿਆਰ ਪਿਸਟਲ .32 ਬੋਰ ਸਮੇਤ 25 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ ਹਨ |ਐੱਸ ਐੱਸ ਪੀ ਰੂਪਨਗਰ ਨੇ ਦੱਸਿਆ ਕਿ 17 ਫਰਵਰੀ 2023 ਨੂੰ ਰੂਪਨਗਰ ਪੁਲਸ ਨੂੰ ਕਾਫੀ ਅਹਿਮ ਸਫਲਤਾ ਹਾਸਲ ਹੋਈ ਸੀ, ਜਿਸ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਵਿਸ਼ਾਲ ਵਰਮਾ ਤੋਂ ਸਕੀਮ ਨੰਬਰ 2 ਇੰਪਰੂਵਮੈਂਟ ਟਰੱਸਟ ਨੇੜੇ ਦਾਣਾ ਮੰਡੀ ਫਗਵਾੜਾ ਰੋਡ, ਮਾਡਲ ਟਾਊਨ ਹੁਸ਼ਿਆਰਪੁਰ ਨੂੰ 9 ਮਾਰੂ ਹਥਿਆਰਾਂ ਅਤੇ 20 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੌਰਾਨ ਪਿਛਲੀਆਂ ਗਤੀਵਿਧੀਆਂ ਨੂੰ ਟਰੈਕ ਕਰਦੇ ਹੋਏ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨਜ਼ਦੀਕੀ ਸਾਥੀ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਨੂੰ ਮੁਕੱਦਮੇ ‘ਚ ਬਤੌਰ ਦੋਸ਼ੀ ਨਾਮਜ਼ਦ ਕਰਕੇ ਅੰਮਿ੍ਤਸਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਉਪਰੰਤ ਖਤਰਨਾਕ ਗੈਂਗਸਟਰ ਸੰਦੀਪ ਉਰਫ ਰਵੀ ਬਲਾਚੌਰੀਆ ਪਾਸੋਂ 05 ਮਾਰੂ ਹਥਿਆਰ ਪਿਸਟਲ .32 ਬੋਰ ਸਮੇਤ 22 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਸੰਦੀਪ ਉਰਫ ਰਵੀ ਬਲਾਚੌਰੀਆ ਗਰੁੱਪ ਦੇ ਹੀ ਇੱਕ ਹੋਰ ਗੁਰਗੇ ਰੋਹਿਤ ਵਾਸੀ ਨੂੰ ਗਿ੍ਫਤਾਰ ਕਰਕੇ ਇਸ ਪਾਸੋਂ 1 ਪਿਸਟਲ.32 ਬੋਰ ਸਮੇਤ 03 ਜ਼ਿੰਦਾ ਕਾਰਤੂਸ ਬਰਾਮਦ ਹੋਇਆ ਹੈ | ਉਨ੍ਹਾਂ ਕਿਹਾ ਕਿ ਗਿ੍ਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਪਾਸੋਂ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ |