ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜਭੂਸ਼ਣ ਸਿੰਘ ਖਿਲਾਫ ਪਹਿਲਵਾਨ ਐਤਵਾਰ ਫਿਰ ਮੈਦਾਨ ਵਿਚ ਆ ਗਏ, ਜਦੋਂ ਉਨ੍ਹਾਂ ਜੰਤਰ-ਮੰਤਰ ਵਿਚ ਧਰਨਾ ਸ਼ੁਰੂ ਕਰ ਦਿੱਤਾ। 7 ਮਹਿਲਾ ਪਹਿਲਵਾਨਾਂ ਨੇ ਉਸ ਦੇ ਖਿਲਾਫ ਪਾਰਲੀਮੈਂਟ ਸਟਰੀਟ ਥਾਣੇ ਵਿਚ ਯੌਨ ਸ਼ੋਸ਼ਣ ਦੀ ਸ਼ਿਕਾਇਤ ਵੀ ਕਰ ਦਿੱਤੀ ਹੈ।
ਪਹਿਲਵਾਨਾਂ ਨੇ ਕਿਹਾਤਿੰਨ ਮਹੀਨੇ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ, ਇਸ ਲਈ ਅਸੀਂ ਫਿਰ ਪ੍ਰੋਟੈੱਸਟ ’ਤੇ ਉਤਰੇ ਹਾਂ। ਅਜੇ ਤੱਕ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਪਹਿਲਾਂ ਸਾਨੂੰ ਕਿਹਾ ਜਾਂਦਾ ਸੀ ਕਿ ਐੱਫ ਆਈ ਆਰ ਕਰਾਓ, ਹੁਣ ਅਸੀਂ ਐੱਫ ਆਈ ਆਰ ਕਰਾਉਣ ਗਏ ਤਾਂ ਪੁਲਸ ਨੇ ਦਰਜ ਨਹੀਂ ਕੀਤੀ।
ਸਾਕਸ਼ੀ ਮਲਿਕ ਨੇ ਕਿਹਾਅਸੀਂ ਦੋ ਦਿਨ ਪਹਿਲਾਂ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ, ਪਰ ਅਜੇ ਤੱਕ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਸ਼ਿਕਾਇਤ ਦੇਣ ਵਾਲੀਆਂ ਵਿਚ ਇਕ ਨਾਬਾਲਗ ਸਣੇ 7 ਪਹਿਲਵਾਨ ਸ਼ਾਮਲ ਹਨ। ਕਾਫੀ ਉਡੀਕ ਤੋਂ ਬਾਅਦ ਅਸੀਂ ਫਿਰ ਧਰਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਸਾਕਸ਼ੀ ਨੇ ਅੱਗੇ ਕਿਹਾਸਾਨੂੰ ਇਹ ਵੀ ਨਹੀਂ ਪਤਾ ਕਿ ਕਮੇਟੀਆਂ ਨੇ ਜਾਂਚ ਰਿਪੋਰਟ ਦਿੱਤੀ ਹੈ ਕਿ ਨਹੀਂ। ਲੋਕ ਸਾਨੂੰ ਹੀ ਝੂਠਾ ਦੱਸਣ ਲੱਗ ਗਏ ਹਨ। ਜਾਂਚ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ, ਪਰ ਕੁਝ ਨਹੀਂ ਕੀਤਾ ਜਾ ਰਿਹਾ। ਇਕ ਕੁੜੀ ਦਾ ਮਾਮਲਾ ਕਿੰਨਾ ਨਾਜ਼ੁਕ ਹੋ ਸਕਦਾ ਹੈ, ਤੁਸੀਂ ਖੁਦ ਸਮਝ ਸਕਦੇ ਹੋ।
ਬਜਰੰਗ ਪੂਨੀਆ ਨੇ ਕਿਹਾਸਾਡਾ ਧਰਨਾ ਹੁਣ ਉਦੋਂ ਖਤਮ ਹੋਵੇਗਾ, ਜਦੋਂ ਬਿ੍ਰਜਭੂਸ਼ਣ ਨੂੰ ਗਿ੍ਰਫਤਾਰ ਕੀਤਾ ਜਾਵੇਗਾ। ਸਾਡਾ ਸਬਰ ਹੁਣ ਜਵਾਬ ਦੇ ਚੁੱਕਾ ਹੈ। ਜਾਂਚ ਲਈ ਦੋ ਕਮੇਟੀਆਂ ਬਣੀਆਂ, ਪਰ ਨਤੀਜਾ ਕੁਝ ਨਹੀਂ ਆਇਆ। ਹੁਣ ਇਸ ਕੇਸ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ।
ਸੀਨੀਅਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾਦੇਸ਼ ਦੇ ਨਾਮੀ ਪਹਿਲਵਾਨਾਂ ਨੇ ਦੋਸ਼ ਲਾਏ ਹਨ। ਤਿੰਨ ਮਹੀਨਿਆਂ ਵਿਚ ਕਮੇਟੀ ਦੇ ਕਿਸੇ ਮੈਂਬਰ ਨੇ ਸਾਡਾ ਫੋਨ ਨਹੀਂ ਚੁੱਕਿਆ, ਨਾ ਹੀ ਮੰਤਰਾਲੇ ਨੇ ਕਿਸੇ ਨਾਲ ਸੰਪਰਕ ਕੀਤਾ। ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਪਹਿਲਵਾਨਾਂ ਨੇ ਸਬੂਤ ਨਹੀਂ ਦਿੱਤੇ। ਕੋਈ ਇਕ ਵਾਰ ਬਿ੍ਰਜਭੂਸ਼ਣ ਤੋਂ ਵੀ ਉਸ ਦੀ ਬੇਗੁਨਾਹੀ ਦਾ ਸਬੂਤ ਮੰਗੇ। ਅਸੀਂ ਤਾਂ ਕਹਿ ਰਹੇ ਹਾਂ ਕਿ ਪੂਰੇ ਕਾਂਡ ਦਾ ਨਾਰਕੋ ਟੈੱਸਟ ਕਰਾਇਆ ਜਾਣਾ ਚਾਹੀਦਾ ਹੈ। ਸੀ ਬੀ ਆਈ ਜਾਂਚ ਹੋਵੇ। ਜੋ ਦੋਸ਼ੀ ਸਾਬਤ ਹੋਵੇ, ਉਸ ਨੂੰ ਸਜ਼ਾ ਮਿਲੇ। ਜੇ ਅਸੀਂ ਗਲਤ ਸਾਬਤ ਹੋਏ ਤਾਂ ਸਾਨੂੰ ਸਜ਼ਾ ਮਿਲੇ। ਹੁਣ ਜੰਤਰ-ਮੰਤਰ ’ਤੇ ਹੀ ਖਾਵਾਂਗੇ ਤੇ ਸੌਵਾਂਗੇ। ਇਨਸਾਫ ਲੈ ਕੇ ਹੀ ਉੱਠਾਂਗੇ। ਅਸੀਂ ਕੁਸ਼ਤੀ ਲਈ ਲੜਾਈ ਲੜ ਰਹੇ ਹਾਂ। ਇਸ ਲਈ ਜਾਨ ਵੀ ਦੇ ਦੇਵਾਂਗੇ। ਜਦ ਮਰਾਂਗੇ ਤਾਂ ਜੰਤਰ-ਮੰਤਰ ’ਤੇ ਹੀ ਮਰਾਂਗੇ। ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਜਨਵਰੀ ਵਿਚ ਪਹਿਲਵਾਨਾਂ ਨੇ ਬਿ੍ਰਜਭੂਸ਼ਣ ਖਿਲਾਫ ਕਾਰਵਾਈ ਨੂੰ ਲੈ ਕੇ ਜੰਤਰ-ਮੰਤਰ ’ਤੇ ਧਰਨਾ ਲਾਇਆ ਸੀ, ਜਿਹੜਾ ਉਲੰਪਿਕ ਐਸੋਸੀਏਸ਼ਨ ਤੇ ਖੇਡ ਮੰਤਰਾਲੇ ਦੀਆਂ ਦੋ ਕਮੇਟੀਆਂ ਦੇ ਗਠਨ ਤੋਂ ਬਾਅਦ ਚੁੱਕ ਲਿਆ ਗਿਆ ਸੀ। ਕਮੇਟੀਆਂ ਦਾ ਕਹਿਣਾ ਹੈ ਕਿ ਦੋਸ਼ ਲਾਉਣ ਵਾਲੇ ਪਹਿਲਵਾਨਾਂ ਨੇ ਸਬੂਤ ਨਹੀਂ ਦਿੱਤੇ। ਇਸੇ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੀਫ ਸਵਾਤੀ ਮਾਲੀਵਾਲ ਨੇ ਐੱਫ ਆਈ ਆਰ ਦਰਜ ਨਾ ਕਰਨ ’ਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰਕੇ 48 ਘੰਟਿਆਂ ਵਿਚ ਜਵਾਬ ਮੰਗਿਆ ਹੈ।