ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਸੂਰੀਆ ਕਾਂਤ ਅਤੇ ਜੇ ਕੇ ਮਹੇਸ਼ਵਰੀ ਦੀ ਬੈਂਚ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਮੁਲਜ਼ਮ ਅਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ ਸੋਮਵਾਰ 11 ਜੁਲਾਈ ਤੱਕ ਵਧਾ ਦਿੱਤੀ। ਅਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦਾ ਬੇਟਾ ਹੈ। ਪੀੜਤ ਪਰਵਾਰ ਵੱਲੋਂ ਪੇਸ਼ ਹੋਏ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਨੇ ਅਪੀਲ ਕੀਤੀ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਲਈ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤਾ ਜਾਵੇ, ਕਿਉਕਿ ਕਰੀਬ 200 ਗਵਾਹ ਹਨ। ਅਜੇ ਤੱਕ ਸਿਰਫ ਤਿੰਨ ਗਵਾਹੀਆਂ ਹੋਈਆਂ ਹਨ। ਹਾਲਾਂਕਿ ਅਦਾਲਤ ਨੇ ਕਿਹਾ ਕਿ ਇਹ ਸੰਭਵ ਨਹੀਂ ਹੋ ਸਕਦਾ, ਕਿਉਂਕਿ ਹੇਠਲੀ ਅਦਾਲਤ ਅਜਿਹੇ ਹੋਰ ਮਾਮਲਿਆਂ ਨੂੰ ਵੀ ਦੇਖ ਰਹੀ ਹੈ। ਭੂਸ਼ਣ ਨੇ ਜ਼ੋਰ ਦੇ ਕੇ ਕਿਹਾ ਕਿ ਹੇਠਲੀ ਅਦਾਲਤ ਨੂੰ ਹਰ ਹਫਤੇ ਦੋ ਗਵਾਹੀਆਂ ਭੁਗਤਾਉਣ ਲਈ ਕਿਹਾ ਜਾਏ, ਨਹੀਂ ਤਾਂ ਕੇਸ ਨੂੰ 20 ਸਾਲ ਲੱਗ ਜਾਣਗੇ ਅਤੇ ਉਦੋਂ ਤੱਕ ਕਈ ਗਵਾਹਾਂ ਦੀ ਸ਼ਾਇਦ ਮੌਤ ਹੋ ਚੁੱਕੀ ਹੋਵੇਗੀ। ਬੈਂਚ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਮਾਮਲੇ ਨੂੰ ਆਪਣੇ ਕੋਲ ਪੈਂਡਿੰਗ ਰੱਖਿਆ ਹੈ। ਬੈਂਚ ਨੇ ਪਿਛਲੀ ਸੁਣਵਾਈ ਵਿਚ ਕਿਹਾ ਸੀ ਕਿ ਉਹ ਮੁਕੱਦਮੇ ’ਤੇ ਮਾਨੀਟਰ ਨਹੀਂ ਕਰ ਰਹੀ, ਪਰ ਅਸਿੱਧੀ ਨਿਗਰਾਨੀ ਰੱਖ ਰਹੀ ਹੈ। ਹੇਠਲੀ ਅਦਾਲਤ ’ਚ ਅਗਲੀ ਸੁਣਵਾਈ 5 ਮਈ ਨੂੰ ਹੋਣੀ ਹੈ। ਕਿਸਾਨ ਅੰਦੋਲਨ ਦੌਰਾਨ ਗੱਡੀ ਚੜ੍ਹਾ ਦੇਣ ਕਾਰਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਦੋਸ਼ ਹੈ ਕਿ ਗੱਡੀ ਵਿਚ ਅਸ਼ੀਸ਼ ਸਵਾਰ ਸੀ।


